ਭਾਰਤ ਸਰਕਾਰ ਦੇ ‘ਜਲ ਸ਼ਕਤੀ ਅਭਿਆਨ’ ਤਹਿਤ ਫ਼ਾਜ਼ਿਲਕਾ ਨੂੰ ਮਿਲਿਆ 10ਵਾਂ ਸਥਾਨ

ਜਲਾਲਾਬਾਦ: ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵਲੋਂ ਸ਼ੁਰੂ ਕੀਤੇ ਗਏ ‘ਜਲ ਸ਼ਕਤੀ ਅਭਿਆਨ’ ਤਹਿਤ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਵਾਤਾਵਰਣ ਨੂੰ ਬਚਾਉਣ ਸਬੰਧੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਤੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਦੇਸ਼ ‘ਚੋਂ 10ਵਾਂ ਸਥਾਨ ਮਿਲਿਆ ਹੈ। ਇਸ ਅਭਿਆਨ ਤਹਿਤ 15 ਸਤੰਬਰ ਤੱਕ ਚਲਣ ਵਾਲੇ ਪਹਿਲੇ ਪੜਾਅ ਸਬੰਧੀ ਕੇਂਦਰੀ ਜਲ ਸ਼ਕਤੀ ਵਿਭਾਗ ਵਲੋਂ ਆਪਣੀ ਵੈੱਬਸਾਈਟ ‘ਤੇ ਦਰਸਾਈ ਗਈ ‘ਵਿਸਥਾਰਤ ਜ਼ਿਲ੍ਹਾਵਾਰ ਰੈਂਕਿੰਗ’ ‘ਚ ਫ਼ਾਜ਼ਿਲਕਾ ਨੂੰ ਇਹ ਪ੍ਰਾਪਤੀ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਪਾਣੀ ਦੀ ਥੁੜ੍ਹ ਵਾਲੇ ਦੇਸ਼ ਦੇ 255 ਜ਼ਿਲ੍ਹਿਆਂ ‘ਚ ਸ਼ੁਰੂ ਕੀਤੇ ਗਏ ਇਸ ਅਭਿਆਨ ਵਿੱਚ ਫ਼ਾਜ਼ਿਲਕਾ ਨੂੰ 10ਵਾਂ ਸਥਾਨ ਮਿਲਿਆ ਹੈ, ਜਿਸ ਨਾਲ ਵਾਤਾਵਰਣ ਅਤੇ ਪਾਣੀ ਬਚਾਉਣ ਦੇ ਸਾਡੇ ਉੱਦਮਾਂ ਨੂੰ ਹੋਰ ਬਲ ਮਿਲੇਗਾ। ਉਨ੍ਹਾਂ ਦੱਸਿਆ ਕਿ ਰਾਜਾਂ ਅਤੇ ਜ਼ਿਲ੍ਹਿਆਂ ਨੂੰ ਪਾਣੀ ਬਚਾਉਣ ਲਈ ਹੋਰ ਉਤਸ਼ਾਹਤ ਕਰਨ ਵਾਸਤੇ ਕੇਂਦਰੀ ਜਲ ਸ਼ਕਤੀ ਮੰਤਰਾਲੇ ਵੱਲੋਂ ਜਾਰੀ ਜ਼ਿਲ੍ਹਾਵਾਰ ਰੈਂਕਿੰਗ ਲਈ ਅਭਿਆਨ ਦੌਰਾਨ ਜ਼ਿਲ੍ਹਿਆਂ ਵੱਲੋਂ ਕੀਤੀ ਗਈ ਪ੍ਰਗਤੀ ਨੂੰ ਆਧਾਰ ਬਣਾਇਆ ਗਿਆ ਹੈ।