‘ਭਾਰਤ ਬਾਇਓਟੈਕ’ ਦੇ ‘ਇੰਟ੍ਰਾਨੇਜ਼ਲ ਕੋਵਿਡ’ ਟੀਕੇ ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ
ਮਲੋਟ (ਇੰਡੀਆ): ਭਾਰਤ ਬਾਇਓਟੈਕ ਦੇ ‘ਇੰਟਰਾਨੇਜ਼ਲ ਕੋਵਿਡ’ ਟੀਕੇ ਨੂੰ ਕੇਂਦਰੀ ਸਿਹਤ ਮੰਤਰਾਲਾ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ‘ਬੂਸਟਰ’ ਖੁਰਾਕ ਵਜੋਂ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰਤ ਸੂਤਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵੈਕਸੀਨ ‘ਚ ਕੋਈ ਸੂਈ ਨਹੀਂ ਲਗਾਈ ਜਾਵੇਗੀ ਅਤੇ ਇਹ ਨੱਕ ਰਾਹੀਂ ਦਿੱਤੀ ਜਾਵੇਗੀ। ਇਹ ਪ੍ਰਾਈਵੇਟ ਕੇਂਦਰਾਂ ‘ਤੇ ਉਪਲੱਬਧ ਹੋਵੇਗਾ ਅਤੇ ਸ਼ੁੱਕਰਵਾਰ ਸ਼ਾਮ ਨੂੰ ਟੀਕਾਕਰਨ ਰਜਿਸਟ੍ਰੇਸ਼ਨ ਪਲੇਟਫਾਰਮ ‘ਕੋ-ਵਿਨ’ ‘ਤੇ ਵੀ ਜਾਰੀ ਕੀਤਾ ਜਾਵੇਗਾ। ਇਸ ਨੂੰ ਜਲਦੀ ਹੀ ਰਾਸ਼ਟਰੀ ਕੋਵਿਡ ਟੀਕਾਕਰਨ ਪ੍ਰੋਗਰਾਮ ‘ਚ ਸ਼ਾਮਿਲ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ‘ਬੀਬੀਵੀ154’ ਵੈਕਸੀਨ ਦੀ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ‘ਬੂਸਟਰ’ ਖੁਰਾਕ ਵਜੋਂ ਵਰਤੋਂ ਨੂੰ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ) ਦੁਆਰਾ ਨਵੰਬਰ ‘ਚ ਮਨਜ਼ੂਰੀ ਦਿੱਤੀ ਗਈ ਸੀ। ਇਸ ਟੀਕੇ ਨੂੰ ਚੀਨ ਅਤੇ ਕੁੱਝ ਹੋਰ ਦੇਸ਼ਾਂ ‘ਚ ਸੰਕਰਮਣ ਦੇ ਵੱਧਦੇ ਮਾਮਲਿਆਂ ਦਰਮਿਆਨ ਮਨਜ਼ੂਰੀ ਦਿੱਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਕੋਵਿਡ-19 ਨਾਲ ਸੰਬੰਧਿਤ ਸਥਿਤੀ ‘ਤੇ ਦੁਪਹਿਰ 3 ਵਜੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਬੈਠਕ ਕਰਨਗੇ। ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨਫੈਕਸ਼ਨ ਨੂੰ ਲੈ ਕੇ ਲਾਪਰਵਾਹੀ ਵਰਤਣ ਦੀ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਮਹਾਂਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਉਸ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਮਾਸਕ ਪਹਿਨਣ ਦੀ ਅਪੀਲ ਕੀਤੀ, ਜਦੋਂ ਕਿ ਅਧਿਕਾਰੀਆਂ ਨੂੰ ਨਿਗਰਾਨੀ ਦੇ ਉਪਾਵਾਂ, ਖਾਸ ਕਰਕੇ ਅੰਤਰਰਾਸ਼ਟਰੀ ਹਵਾਈ ਅੱਡਿਆਂ ‘ਤੇ ਸਖ਼ਤੀ ਕਰਨ ਦੇ ਨਿਰਦੇਸ਼ ਦਿੱਤੇ।
Author: Malout Live