ਭਾਰਤ ਪੈਟਰੌਲੀਅਮ ਨੇ ਪੰਪ ਤੇ ਤੇਲ ਪਾਉਣ ਆਏ ਗ੍ਰਾਹਕਾਂ ਨੂੰ ਪੌਦੇ ਵੰਡਣ ਦੀ ਮੁਹਿੰਮ ਚਲਾਈ

ਮਲੋਟ (ਆਰਤੀ ਕਮਲ) :- ਕੁਦਰਤ ਦੇ ਅਣਮੋਲ ਖਜਾਨੇ ਤੇ ਇਨਸਾਨ ਨੂੰ ਜਿੰਦਾ ਰੱਖਣ ਲਈ ਲੋੜੀਂਦੀ ਆਕਸੀਜਨ ਦਾ ਮੁੱਖ ਸਰੋਤ ਪੌਦਿਆਂ ਦੀ ਸਾਂਭ ਸੰਭਾਲ ਲਈ ਜਿਥੇ ਪੰਜਾਬ ਸਰਕਾਰ ਨਾਨਕ ਬਗੀਚੀ ਦੇ ਰੂਪ ਵਿਚ ਹਰ ਪਿੰਡ ਅੰਦਰ 550 ਪੌਦੇ ਲਾ ਰਹੀ ਹੈ ਉਥੇ ਹੀ ਵੱਡੀਆਂ ਕੰਪਨੀਆਂ ਵੀ ਹੁਣ ਆਪਣਾ ਫਰਜ ਨਿਭਾ ਰਹੀਆਂ ਹਨ । ਭਾਰਤ ਪੈਟਰੌਲੀਅਮ ਦੇ ਤਿਕੋਣੀ ਚੌਕ ਮਲੋਟ ਵਿਖੇ ਸਥਿਤ ਪੈਟਰੌਲ ਪੰਪ ਤੇ ਪੰਪ ਮਾਲਕਾਂ ਵੱਲੋਂ ਆਪਣੇ ਗ੍ਰਾਹਕਾਂ ਨੂੰ ਪੌਦੇ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਜਿਸ ਦੀ ਸ਼ੁਰੂਆਤ ਅੱਜ ਮਲੋਟ ਦੇ ਐਸ.ਡੀ.ਐਮ ਗੋਪਾਲ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਪੰਪ ਤੇ ਤੇਲ ਪਵਾਉਣ ਆਏ ਗ੍ਰਾਹਕਾਂ ਸੁਰਿੰਦਰ ਸਿੰਘ ਬਿੱਲਾ ਅਤੇ ਰਣਜੀਤ ਸਿੰਘ ਨੂੰ ਪੌਦੇ ਦੇ ਕੇ ਕੀਤੀ । ਇਸ ਮੌਕੇ ਉਹਨਾਂ ਨਾਲ ਜੀ.ਓ.ਜੀ ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਸਮੇਤ ਸਮਾਜਸੇਵੀ ਵੀ ਹਾਜਰ ਸਨ । ਐਸ.ਡੀ.ਐਮ ਗੋਪਾਲ ਸਿੰਘ ਨੇ ਇਸ ਮੌਕੇ ਕਿਹਾ ਕਿ ਵੱਧ ਤੋਂ ਵੱਧ ਨਾਗਰਿਕਾਂ ਨੂੰ ਆਪਣੇ ਘਰ ਜਾਂ ਆਸਪਾਸ ਜਿਥੇ ਵੀ ਸਹੀ ਥਾਂ ਮਿਲਦੀ ਹੋਵੇ ਪੌਦਾ ਲਗਾ ਕੇ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕੁਦਰਤ ਦੇ ਰੂਪ ਵਿਚ ਮਿਲੀ ਅਣਮੋਲ ਦਾਤ ਨੂੰ ਖੁਦ ਤੇ ਅਗਲੀਆਂ ਪੀੜੀਆਂ ਵਾਸਤੇ ਮਾਨਣਯੋਗ ਰੱਖ ਸਕੀਏ । ਪੰਪ ਦੇ ਮਾਲਕ ਅਨਿਲ ਸੁਖੀਜਾ ਅਤੇ ਵਰਿੰਦਰ ਸੁਖੀਜਾ ਨੇ ਉਪ ਮੰਡਲ ਅਫਸਰ ਤੇ ਹੋਰ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਲਈ ਉਹ ਅਗਲੇ ਦੋ ਹਫਤੇ ਵੱਧ ਤੋਂ ਵੱਧ ਪੌਦੇ ਵੰਡ ਤੇ ਲਵਾ ਕੇ ਆਪਣਾ ਬਣਦਾ ਯੋਗਦਾਨ ਪਾਉਣਗੇ ਅਤੇ ਭਵਿੱਖ ਵਿਚ ਹੋਰ ਸਮਾਜ ਭਲਾਈ ਦੀਆਂ ਗਤੀਵਿਧੀਆਂ ਦਾ ਵੀ ਹਿੱਸਾ ਬਣਦੇ ਰਹਿਣਗੇ । ਇਸ ਮੌਕੇ ਸਿਟੀ ਅਵਰਨੈਸ ਸੁਸਾਇਟੀ ਦੇ ਪ੍ਰਧਾਨ ਰੋਹਿਤ ਕਾਲੜਾ ਅਤੇ ਸਮਾਜਸੇਵੀ ਆਗੂ ਗੁਰਸ਼ਮਿੰਦਰ ਸਿੰਘ ਵੀ ਆਪਣੇ ਸਾਥੀਆਂ ਨਾਲ ਹਾਜਰ ਸਨ ।