ਬੈਂਕ ਦੇ ਸਥਾਪਨਾ ਦਿਵਸ ’ਤੇ ਅਧਿਕਾਰੀਆਂ ਨੇ ਕੱਢੀ ਰੈਲੀ

ਬਠਿੰਡਾ, (ਰਾਜਵੰਤ)- ਸਟੇਟ ਬੈਂਕ ਆਫ ਇੰਡੀਆ ਦੇ ਸਥਾਪਨਾ ਦਿਵਸ ਮੌਕੇ ਬਠਿੰਡਾ ਬ੍ਰਾਂਚ ਵਿਚ ਇਸ ਦਿਵਸ ਨੂੰ ਡਿਜ਼ੀਟਾਈਲਜੇਸ਼ਨ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਬੈਂਕ ਅਧਿਕਾਰੀਆਂ ਵਲੋਂ ਸ਼ਹਿਰ ਵਿਚ ਇੱਕ ਰੈਲੀ ਕੱਢ ਕੇ ਲੋਕਾਂ ਨੂੰ ਬੈਂਕ ਦੀ ਯੋਨੋ ਐਪ ਬਾਰੇ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬ੍ਰਾਂਚ ਪ੍ਰਬੰਧਕ ਮੰਜੂ ਗਲਹੋਤਰਾ ਨੇ ਦੱਸਿਆ ਕਿ ਅੱਜ ਦਾ ਜ਼ਮਾਨਾ ਡਿਜ਼ੀਟਲ ਹੋ ਰਿਹਾ ਹੈ, ਜਿਸਦੇ ਚਲਦਿਆਂ ਬੈਂਕ ਵੱਲੋਂ ਯੋਨੋ ਐਪ ਦਾ ਨਿਰਮਾਣ ਕੀਤਾ ਗਿਆ ਹੈ, ਜਿਸਦਾ ਮਕਸਦ ਲੋਕਾਂ ਨੂੰ ਬੈਂਕ ਦੀ ਡਿਜ਼ੀਟਲਤਾ ਨਾਲ ਜੋਡ਼ਣਾ ਹੈ। ਉਨ੍ਹਾਂ ਦੱਸਿਆ ਕਿ ਯੋਨੋ ਐਪ ਦਾ ਮਤਲਬ ਹੈ ਕਿ ਉਪਭੋਗਤਾ ਘਰ ਬੈਠੇ ਆਪਣੇ ਖਾਤੇ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਪਣੇ ਖਾਤੇ ਤੋਂ ਹੋਰਨਾਂ ਖ਼ਾਤਿਆਂ ਵਿਚ ਲੈਣ-ਦੇਣ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਐਪ ਜ਼ਰੀਏ ਲੋਕ ਐਫ਼.ਡੀ. ਬਣਾਉਣ ਅਤੇ ਇਕ ਦਿਨ ਵਿਚ ਬਿਨ੍ਹਾਂ ਏ.ਟੀ.ਐੱਮ. ਤੋਂ ਦਸ ਹਜ਼ਾਰ ਰੁਪਏ ਦੀ ਰਾਸ਼ੀ ਨਗਦ ਪ੍ਰਾਪਤ ਕਰ ਸਕਦੇ ਹਨ। ਇਹ ਰੈਲੀ ਸਟੇਟ ਬੈਂਕ ਆਫ਼ ਇੰਡੀਆ ਦੀ ਮੇਨ ਬ੍ਰਾਂਚ ਤੋਂ ਸ਼ੁਰੂ ਹੋਈ, ਜੋ ਅਮਰੀਕ ਸਿੰਘ ਰੋਡ ਤੋਂ ਹੁੰਦੇ ਹੋਏ ਕਿੱਕਰ ਬਾਜ਼ਾਰ, ਮਾਲ ਰੋਡ, ਫੌਜੀ ਚੌਕ ਤੋਂ ਹੁੰਦੀ ਹੋਈ ਅਜੀਤ ਰੋਡ ’ਤੇ ਪੁੱਜੀ। ਉਪਰੰਤ ਬੈਂਕ ਅਧਿਕਾਰੀ ਅਜਮੇਰ ਸੇਠੀ ਅਤੇ ਕੇ. ਕੇ. ਢੋਲੀਆ ਨੇ ਵੀ ਲੋਕਾਂ ਨੂੰ ਇਸ ਐਪ ਦੀ ਜਾਣਕਾਰੀ ਦਿੱਤੀ। ਇਸ ਮੌਕੇ ਰੈਲੀ ਵਿਚ ਬੈਂਕ ਦੇ ਖੇਤਰੀ ਪ੍ਰਬੰਧਕ 3 ਤੋਂ ਸਤਿੰਦਰ ਛਾਬਡ਼ਾ, ਮੁੱਖ ਪ੍ਰਬੰਧਕ ਪ੍ਰੇਮਜੀ, ਅਜੇ ਕੁਮਾਰ ਸਿੰਘ, ਗੁਰਮੀਤ ਕੌਰ, ਸੁਖਦੇਵ, ਕਰਨ ਸਿੰਗਲਾ ਵੀ ਹਾਜ਼ਰ ਸਨ।