ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ‘ਚ ਅੱਜ ਪੈਣਗੀਆਂ ਵੋਟਾਂ ਅਤੇ 24 ਅਕਤੂਬਰ ਨੂੰ ਆਉਣਗੇ ਨਤੀਜੇ

ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਅੱਜ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਜਿਨ੍ਹਾਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈਣੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ,ਭਾਜਪਾ ,ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਦੌਰਾਨ ਚਾਰ ਵਿਧਾਨ ਸਭਾ ਹਲਕਿਆਂ ‘ਚ ਪੈਣ ਵਾਲੀਆਂ ਵੋਟਾਂ ਲਈ ਕੁੱਲ 33 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਤੋਂ 9 ਉਮੀਦਵਾਰ ਹਨ, ਜਿਨ੍ਹਾਂ ‘ਚ ਭਾਜਪਾ ਦੇ ਰਾਜੇਸ਼ ਬਾਘਾ , ਆਮ ਆਦਮੀ ਪਾਰਟੀ ਦੇ ਸੰਤੋਸ਼ ਕੁਮਾਰ ਗੋਗੀ, ਬਹੁਜਨ ਸਮਾਜ ਪਾਰਟੀ ਦੇ ਭਗਵਾਨ ਦਾਸ, ਲੋਕ ਇਨਸਾਫ਼ ਪਾਰਟੀ ਦੇ ਜਰਨੈਲ ਸਿੰਘ ਨੰਗਲ, ਪੀਪਲਜ਼ ਪਾਰਟੀ ਆਫ ਡੈਮੋਕਰੇਟਿਵ ਚਰਨਜੀਤ ਕੁਮਾਰ, ਆਜ਼ਾਦ ਉਮੀਦਵਾਰ ਨੀਟੂ, ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ, ਵਿਸ਼ਾਲ ਪਾਰਟੀ ਆਫ ਇੰਡੀਆ ਦੇ ਸੋਨੂੰ ਕੁਮਾਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪਰਮਜੋਤ ਕੌਰ ਗਿੱਲ ਸ਼ਾਮਲ ਹਨ। ਇਸੇ ਤਰ੍ਹਾਂ ਮੁਕੇਰੀਆਂ ਤੋਂ ਆਮ ਆਦਮੀ ਪਾਰਟੀ ਦੇ ਪ੍ਰੋ. ਗੁਰਧਿਆਨ ਸਿੰਘ ਮੁਲਤਾਨੀ, ਕਾਂਗਰਸ ਦੀ ਇੰਦੂ ਬਾਲਾ, ਭਾਰਤੀ ਜਨਤਾ ਪਾਰਟੀ ਦੇ ਜੰਗੀ ਲਾਲ ਮਹਾਜਨ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਗੁਰਵਤਨ ਸਿੰਘ, ਹਿੰਦੁਸਤਾਨ ਸਕਤੀ ਸੈਨਾ ਦੇ ਅਰਜੁਨ ਤੇ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਘੋਤਰਾ ਸਾਮਲ ਹਨ। ਦਾਖਾ ਵਿਧਾਨ ਸਭਾ ਹਲਕੇ ਤੋਂ 11 ਉਮੀਦਵਾਰ ਮੈਦਾਨ ਵਿਚ ਹਨ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਆਲੀ, ਕਾਂਗਰਸ ਦੇ ਸੰਦੀਪ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਅਮਨਦੀਪ ਸਿੰਘ ਮੋਹੀ , ਅਪਣਾ ਪੰਜਾਬ ਪਾਰਟੀ ਦੇ ਸਿਮਰਨਦੀਪ ਸਿੰਘ, ਲੋਕ ਇਨਸਾਫ਼ ਪਾਰਟੀ ਦੇ ਸੁਖਦੇਵ ਸਿੰਘ ਚੱਕ, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਗੁਰਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਜੋਗਿੰਦਰ ਸਿੰਘ ਵੇਗਲ, ਆਜ਼ਾਦ ਉਮੀਦਵਾਰ ਹਰਬੰਸ ਸਿੰਘ ਜਲਾਲ,ਗੁਰਦੀਪ ਸਿੰਘ ਕਾਹਲੋਂ, ਜੈ ਪ੍ਰਕਾਸ਼ ਜੈਨ (ਟੀਟੂ ਬਾਣੀਆ) ਤੇ ਆਜ਼ਾਦ ਉਮੀਦਵਾਰ ਬਲਦੇਵ ਸਿੰਘ (ਦੇਵ ਸਰਾਭਾ) ਸ਼ਾਮਲ ਹਨ। ਇਸੇ ਤਰ੍ਹਾਂ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਾਜ ਸਿੰਘ ਡਿੱਬੀਪੁਰਾ, ਆਮ ਆਦਮੀ ਪਾਰਟੀ ਦੇ ਮਹਿੰਦਰ ਸਿੰਘ ਕਚੂਰਾ, ਕਾਂਗਰਸ ਦੇ ਰਮਿੰਦਰ ਸਿੰਘ ਆਵਲਾ, ਆਜ਼ਾਦ ਉਮੀਦਵਾਰ ਜਗਦੀਪ ਕੰਬੋਜ ਗੋਲਡੀ , ਜੋਗਿੰਦਰ ਸਿੰਘ, ਜੋਗਿੰਦਰ ਸਿੰਘ ਤੇ ਰਾਜ ਸਿੰਘ ਸਾਮਲ ਹਨ। ਉਮੀਦਵਾਰਾਂ ਵੱਲੋਂ ਕਾਗਜ਼ ਵਾਪਸ ਲੈਣ ਤੋਂ ਬਾਅਦ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰਨਾ ਰਾਜੂ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੇ ਲਈ 5,000 ਤੋਂ ਵੱਧ ਸਿਵਲ ਸਟਾਫ਼ ਅਤੇ ਇੰਨੀ ਹੀ ਪੰਜਾਬ ਪੁਲਿਸ ਸਮੇਤ 17 ਕੰਪਨੀਆਂ ਕੇਂਦਰੀ ਫ਼ੋਰਸ ਦੀਆਂ ਤੈਨਾਤ ਕੀਤੀਆਂ ਗਈਆਂ ਹਨ। ਇਸ ਦੌਰਾਨ 920 ਪੋਲਿੰਗ ਬੂਥਾਂ ਦੇ ਅੰਦਰ ਅਤੇ ਬਾਹਰ ਵੀਡੀਉਗ੍ਰਾਫ਼ੀ ਕਰਵਾਈ ਜਾ ਰਹੀ ਹੈ ਤਾਂਕਿ ਸ਼ਰਾਰਤੀ ਅਤੇ ਹਿੰਸਕ ਵਾਰਦਾਤ ਕਰਨ ਵਾਲੇ ਅਨਸਰਾਂ ‘ਤੇ ਨਜ਼ਰ ਰੱਖੀ ਜਾਵੇ ਅਤੇ ਲੋੜ ਪੈਣ ‘ਤੇ ਸੁਰੱਖਿਆ ਅਮਲੇ ਰਾਹੀਂ ਛੇਤੀ ਤੋਂ ਛੇਤੀ ਕੰਟਰੋਲ ਕੀਤਾ ਜਾ ਸਕੇ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 920 ਬੂਥਾਂ ਵਿਚੋਂ 175 ਨੂੰ ਨਾਜ਼ੁਕ ਤੇ ਅਤੀ ਨਾਜ਼ੁਕ ਤੇ ਸੰਵੇਦਨਸ਼ੀਲ ਐਲਾਨਿਆ ਗਿਆ ਹੈ ਅਤੇ ਦਾਖਾ ਤੇ ਜਲਾਲਾਬਾਦ ਹਲਕਿਆਂ ਵਿਚ ਵਾਧੂ ਫ਼ੋਰਸ ਤੈਨਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬੂਥਾਂ ‘ਤੇ ਕਬਜ਼ਾ ਕਰਨਾ ਆਦਿ ਦੀਆਂ ਘਟਨਾਵਾਂ ਨੂੰ ਰੋਕਣ ਲਈ ‘ਬੂਥ ਐਪ ਸਿਸਟਮ’ ਅਤੇ ਅੰਦਰ ਤੇ ਬਾਹਰ ਵੋਟਰਾਂ ਦੀਆਂ ਲਾਈਨਾਂ ‘ਤੇ ਨਜ਼ਰ ਰੱਖਣ ਵਾਸਤੇ ਹਰ ਇਕ ਮਿੰਟ ਦੀ ਸੂਚਨਾ ਦੇਣ ਵਾਸਤੇ ਸਾਰਾ ਢੰਗ ਬਣਾਇਆ ਗਿਆ ਹੈ।