ਪੰਜਾਬ ਦੀਆਂ ਜੇਲਾਂ ‘ਚ ਹੋਵੇਗੀ CRPF ਤਾਇਨਾਤ
ਚੰਡੀਗੜ੍ਹ— ਪੰਜਾਬ ਦੀਆਂ ਜੇਲਾਂ ਨੂੰ ਹੋਰ ਸੁਰੱਖਿਅਤ ਕਰਨ ਲਈ ਭਾਰਤੀ ਗ੍ਰਹਿ ਮੰਤਰਾਲੇ ਵਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀਆਂ ਜੇਲਾਂ ‘ਚ ਸੀ.ਆਰ.ਪੀ.ਐੱਫ. ਦਸਤੇ ਤਾਇਨਾਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਦੀਆਂ ਜੇਲ੍ਹਾਂ ‘ਚ ਸੀ.ਆਰ.ਪੀ.ਐੱਫ. ਦਸਤੇ ਤਾਇਨਾਤ ਕੀਤੇ ਜਾਣਗੇ ਤੇ ਪੰਜਾਬ ਸਰਕਾਰ ਨੂੰ ਇਸ ਡੈਪੂਟੇਸ਼ਨ ਦਾ ਸਾਰਾ ਖਰਚ ਚੁੱਕਣਾ ਹੋਏਗਾ। ਇਸ ਤੋਂ ਇਲਾਵਾ ਅੱਜ ਖਪਤਕਾਰ, ਖੁਰਾਕ ਤੇ ਪਬਲਿਕ ਡਿਸਟ੍ਰੀਬਿਊਸ਼ਨ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਦੌਰਾਨ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਮੰਗ ਸੀ ਕਿ ਜੇਲਾਂ ‘ਚ ਤਿੰਨ ਸੀ.ਆਰ.ਪੀ.ਐੱਫ. ਦਸਤੇ ਭੇਜੇ ਜਾਣ।
ਦੱਸ ਦਈਏ ਕਿ ਅੱਜ ਲੁਧਿਆਣਾ ਦੀ ਜੇਲ ‘ਚ ਕੁਝ ਕੈਦੀਆਂ ਵਲੋਂ ਤੇ ਪੁਲਸ ਵਿਚਾਲੇ ਜ਼ਬਰਦਸਤ ਝੜਪ ਹੋ ਗਈ ਸੀ। ਇਸ ਦੌਰਾਨ ਲੁਧਿਆਣਾ ਡੀਸੀ ਵਲੋਂ ਦੱਸਿਆ ਗਿਆ ਕਿ ਬੀਤੀ ਰਾਤ ਇਕ ਹਵਾਲਾਤੀ ਸੰਨੀ ਦੀ ਮੌਤ ਤੋਂ ਬਾਅਦ ਇਹ ਸਾਰਾ ਵਿਵਾਦ ਸ਼ੁਰੂ ਹੋਇਆ। ਇਸ ਦੌਰਾਨ ਕਈ ਪੁਲਸ ਮੁਲਾਜ਼ਮ ਵੀ ਫੱਟੜ ਹੋ ਗਏ।