ਨਸ਼ਿਆਂ ਦੇ ‘ਛੇਵੇਂ’ ਦਰਿਆ ‘ਚ ਡੁੱਬ ਰਹੀ ਹੈ ਪੰਜਾਬ ਦੀ ਨੌਜਵਾਨ ਪੀੜ੍ਹੀ

ਦੋਦਾ/ਸ੍ਰੀ ਮੁਕਤਸਰ ਸਾਹਿਬ (ਲਖਵੀਰ, ਪਵਨ) – ਗੁਰੂਆਂ, ਪੀਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ ਨੂੰ ਕੋਈ ਚੰਦਰੀ ਨਜ਼ਰ ਲੱਗ ਗਈ ਹੈ, ਜਿਸ ਕਰਕੇ ਨੌਜਵਾਨ ਪੀੜ੍ਹੀ ਨੇ ਆਪਣਾ ਰੁਖ਼ ਨਸ਼ਿਆਂ ਵੱਲ ਕੀਤਾ ਹੋਇਆ ਹੈ। ਅੱਜ ਹਰ ਘਰ ਤੱਕ ਨਸ਼ਾ ਆਪਣੀ ਪਹੁੰਚ ਕਰ ਚੁੱਕਾ ਹੈ ਅਤੇ ਅਨੇਕਾਂ ਘਰਾਂ ਦੇ ਚਿਰਾਗ ਨਸ਼ਿਆਂ ਨੇ ਬੁਝਾ ਦਿੱਤੇ ਹਨ।ਜੇਕਰ ਵੇਖਿਆ ਜਾਵੇ ਤਾਂ ਸੂਬੇ ‘ਚ ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ। ਭਾਵੇਂ ਰੋਜ਼ਾਨਾ ਨਸ਼ਿਆਂ ਦੀ ਵਰਤੋਂ ਨਾਲ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਨਸ਼ਿਆਂ ਨੂੰ ਰੋਕਣ ‘ਚ ਅਸਫਲ ਸਾਬਤ ਹੋ ਰਹੀਆਂ ਹਨ। ਪਹਿਲਾਂ ਜਿੱਥੇ ਅਫੀਮ, ਸ਼ਰਾਬ ਅਤੇ ਭੁੱਕੀ ਆਦਿ ਵਰਗੇ ਨਸ਼ੇ ਸਨ ਪਰ ਪਿਛਲੇ ਇਕ ਦਹਾਕੇ ਤੋਂ ਨਵੇਂ ਨਸ਼ੇ ਸਮੈਕ, ਹੈਰੋਇਨ, ਚਰਸ, ਚਿੱਟਾ ਆ ਚੁੱਕਾ ਹੈ। ਇਸ ਤੋਂ ਇਲਾਵਾ ਅੰਗਰੇਜ਼ੀ ਦਵਾਈਆਂ ਵਾਲੀਆਂ ਦੁਕਾਨਾਂ ਤੋਂ ਵੀ ਕਈ ਨਸ਼ੇ ਵਾਲੀਆਂ ਗੋਲੀਆਂ, ਕੈਪਸੂਲ, ਟੀਕੇ ਅਤੇ ਪੀਣ ਵਾਲੀਆਂ ਦਵਾਈਆਂ ਸ਼ਾਮਲ ਹਨ, ਲੋਕ ਖਰੀਦਦੇ ਹਨ। ਕੋਈ ਪਿੰਡ ਅਜਿਹਾ ਨਹੀਂ ਬਚਿਆ, ਜਿੱਥੇ ਨਸ਼ਿਆਂ ਕਾਰਨ ਕਿਸੇ ਦੀ ਮੌਤ ਨਾ ਹੋਈ ਹੋਵੇ। ਚੋਣਾਂ ਤੋਂ ਪਹਿਲਾਂ ਭਾਵੇਂ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਖਤਮ ਕਰਨ ਦੇ ਵਾਅਦੇ ਕੀਤੇ ਜਾਂਦੇ ਹਨ ਪਰ ਰਾਜ ਭਾਗ ‘ਤੇ ਬੈਠ ਕੇ ਨਸ਼ਿਆਂ ਦੀ ਇਸ ਵੱਡੀ ਸਮੱਸਿਆ ਨੂੰ ਕੋਈ ਗੰਭੀਰਤਾ ਨਾਲ ਨਹੀਂ ਲੈਂਦਾ। ਲੋਕਾਂ ਨੂੰ ਭਾਵੁਕ ਕਰਨ ਲਈ ਸ੍ਰੀ ਗੁਟਕਾ ਸਾਹਿਬ ਨੂੰ ਹੱਥ ‘ਚ ਫੜ੍ਹ ਕੇ ਸਹੁੰਆਂ ਵੀ ਖਾਧੀਆਂ ਪਰ ਨਤੀਜਾ ਜ਼ੀਰੋ ਹੀ ਰਿਹਾ। ਨਸ਼ਾ ਵੇਚਣ ਵਾਲੇ ਮੌਤ ਦੇ ਸੌਦਾਗਰ ਬੇਖੌਫ ਆਪਣਾ ਕਾਲਾ ਧੰਦਾ ਸ਼ਰੇਆਮ ਚਲਾ ਰਹੇ ਹਨ।
5145 ਮਰੀਜ਼ ਲੈਣ ਆਏ ਦਵਾਈ
ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਜਨਵਰੀ-2019 ਤੋਂ ਜੂਨ ਮਹੀਨੇ ਦੇ ਹੁਣ ਤੱਕ ਜ਼ਿਲੇ ਦੇ ਵੱਖ-ਵੱਖ ਸੈਂਟਰਾਂ ਵਿਚ 5145 ਮਰੀਜ਼ ਨਸ਼ਾ ਛੱਡਣ ਦੀ ਦਵਾਈ ਲੈਣ ਆ ਚੁੱਕੇ ਹਨ ਪਰ ਅਸਲ ‘ਚ ਨਸ਼ਾ ਕਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਛੱਡਣ ਵਾਲਿਆਂ ਦੀ ਗਿਣਤੀ ਨਾ-ਮਾਤਰ ਹੈ।
ਨਸ਼ਾ ਵੇਚਣ ਅਤੇ ਸੇਵਨ ਕਰਨ ਵਾਲੇ 11 ਨੌਜਵਾਨਾਂ ਕੀਤਾ ਕਾਬੂ
ਇਨ੍ਹਾਂ ਮਾਰੂ ਨਸ਼ਿਆਂ ਸਬੰਧੀ ਸਰਕਾਰ ਅਤੇ ਪ੍ਰਸ਼ਾਸਨ ਗੰਭੀਰ ਨਾ ਹੋਣ ਕਾਰਣ ਲੋਕਾਂ ਵਲੋਂ ਖੁਦ ਬੀੜਾ ਚੁੱਕਿਆ ਗਿਆ ਹੈ, ਜਿਸ ਦੀ ਤਾਜ਼ਾ ਉਦਾਹਰਨ ਜ਼ਿਲੇ ਦੇ ਪਿੰਡ ਕੋਟਲੀ ਦੇ ਲੋਕਾਂ ਤੋਂ ਮਿਲਦੀ ਹੈ। ਇਸ ਪਿੰਡ ਦੇ ਨੌਜਵਾਨਾਂ ‘ਚ ਵਧਦੇ ਚਿੱਟੇ ਅਤੇ ਮੈਡੀਕਲ ਨਸ਼ੇ ਤੋਂ ਚਿੰਤਤ ਪਿੰਡ ਵਾਸੀਆਂ ਖਾਸ ਕਰ ਕੇ ਨੌਜਵਾਨ ਵਰਗ ਵਲੋਂ ਨਸ਼ਾ ਰੋਕੂ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ ਦਿਨ-ਰਾਤ ਇਕ ਕਰਕੇ ਕੁਲ 11 ਨੌਜਵਾਨ, ਜੋ ਨਸ਼ਾ ਵੇਚਣ ਜਾਂ ਖੁਦ ਨਸ਼ੇ ਦਾ ਸੇਵਨ ਕਰਦੇ ਸਨ, ਨੂੰ ਕਾਬੂ ਕੀਤਾ ਗਿਆ। ਇਨ੍ਹਾਂ ‘ਚੋਂ 3 ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ‘ਚ ਲਿਖਤੀ ਮੁਆਫੀ ਮੰਗਣ ਅਤੇ ਆਪਣਾ ਇਲਾਜ ਕਰਵਾ ਕੇ ਅੱਗੇ ਤੋਂ ਨਸ਼ਾ ਨਾ ਕਰਨ ਬਾਰੇ ਕਿਹਾ। ਇਸ ‘ਤੇ ਇਨ੍ਹਾਂ ਨੂੰ ਛੱਡ ਦਿੱਤਾ ਗਿਆ ਅਤੇ ਬਾਕੀਆਂ ਨੂੰ ਪੁਲਸ ਹਵਾਲੇ ਕਰ ਕੇ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਗਈ।
ਕੀ ਕਹਿਣੈ ਐੱਸ. ਐੱਚ. ਓ. ਕੋਟਭਾਈ ਦਾ
ਇਸ ਸਬੰਧੀ ਅੰਗਰੇਜ ਸਿੰਘ ਐੱਸ. ਐੱਚ. ਓ. ਪੁਲਸ ਥਾਣਾ ਕੋਟਭਾਈ ਨੇ ਕਿਹਾ ਕਿ ਹਰ ਤਰ੍ਹਾਂ ਦੇ ਨਸ਼ੇ ਖਤਮ ਕਰਨ ਲਈ ਪੁਲਸ ਦੇ ਨਾਲ ਲੋਕਾਂ ਖਾਸ ਕਰ ਕੇ ਨੌਜਵਾਨਾਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਇਸ ਲਈ ਉਨ੍ਹਾਂ ਵਲੋਂ ਪੁਲਸ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਪਿੰਡ ਕੋਟਲੀ ਵਾਂਗ ਹੋਰ ਪਿੰਡਾਂ ਦੀਆਂ ਪੰਚਾਇਤਾਂ ਅਤੇ ਨੌਜਵਾਨਾਂ ਨਾਲ ਮਿਲ ਕੇ ਪਿੰਡਾਂ ‘ਚ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।