District NewsMalout News

ਦੇਸ਼ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਕੇਸ ਰਿਪੋਰਟ ਹੋਣ ਕਾਰਨ ਜ਼ਿਲ੍ਹਾ ਸਿਹਤ ਵਿਭਾਗ ਬਠਿੰਡਾ ਵੱਲੋਂ ਕੋਰੋਨਾ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ

ਮਲੋਟ (ਬਠਿੰਡਾ): ਦੇਸ਼ ਵਿੱਚ ਕਈ ਥਾਂਵਾਂ ਤੇ ਕੋਰੋਨਾ ਦੇ ਕੇਸ ਰਿਪੋਰਟ ਹੋਣ ਤੇ ਡਾ. ਤੇਜਵੰਤ ਸਿੰਘ ਢਿੱਲੋਂ ਵੱਲੋਂ ਲੋਕਾਂ ਨੂੰ ਕੁੱਝ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਤੇਜਵੰਤ ਸਿੰੰਘ ਢਿੱਲੋਂ ਨੇ ਕਿਹਾ ਕਿ ਦੇਸ਼ ਵਿੱਚ ਕਈ ਥਾਂਵਾਂ ਤੇ ਕੋਰੋਨਾ ਦੇ ਨਵੇਂ ਵੇਰੀਐਂਟ ਜੇ.ਐਨ.1 ਦੇ ਕੇਸ ਰਿਪੋਰਟ ਹੋ ਰਹੇ ਹਨ। ਇਸ ਲਈ ਕੋਰੋਨਾ ਤੋਂ ਬਚਣ ਲਈ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ ਤਾਂ ਕਿ ਜ਼ਿਲ੍ਹਾ ਬਠਿੰਡਾ ਵਿੱਚ ਕੋਰੋਨਾ ਫੈਲਣ ਤੋਂ ਰੋਕਿਆ ਜਾ ਸਕੇ। ਉਹਨਾਂ ਕਿਹਾ ਕਿ ਕੋਰੋਨਾ ਤੋਂ ਬਚਣ ਲਈ ਮਾਸਕ ਪਾਓ, ਇਕੱਠ ਵਾਲੀਆਂ ਥਾਂਵਾਂ ਤੇ ਜਾਣ ਤੋਂ ਪ੍ਰਹੇਜ਼ ਕਰੋ, ਵਾਰ-ਵਾਰ ਸਾਬਣ ਪਾਣੀ ਨਾਲ ਹੱਥ ਧੋਵੋ, ਪਬਲਿਕ ਥਾਂਵਾਂ ਤੇ ਨਾ ਥੁੱਕੋ, ਖੰਘਦੇ ਜਾਂ ਛਿੱਕਦੇ ਸਮੇਂ ਆਪਣਾ ਨੱਕ ਅਤੇ ਮੂੰਹ ਰੁਮਾਲ ਨਾਲ ਢੱਕੋ। ਉਹਨਾਂ ਕਿਹਾ ਕਿ ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ

ਕਰੋਨਿਕ ਬਿਮਾਰੀਆਂ ਤੋਂ ਪੀੜ੍ਹਤ ਵਿਅਕਤੀਆਂ ਨੂੰ ਕੋਰੋਨਾ ਸੰਬੰਧੀ ਸਾਵਧਾਨੀਆਂ ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਹੋ ਸਕੇ ਤਾਂ ਉਹਨਾਂ ਨੂੰ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਆਪਣੇ ਅੱਖਾਂ ਨੱਕ ਅਤੇ ਮੂੰਹ ਨੂੰ ਛੂਹਣ ਤੋਂ ਗੁਰੇਜ਼ ਕਰੋ ਜਾਂ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਧੋ ਲਵੋ। ਉਹਨਾਂ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਮਰੀਜ਼ਾਂ ਦੇ ਚੈੱਕਅੱਪ ਕਰਨ ਸਮੇਂ ਮਾਸਕ ਪਾਉਣ ਦੀ ਹਦਾਇਤ ਕੀਤੀ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਹਸਪਤਾਲਾਂ ਜਾਂ ਹੋਰ ਥਾਵਾਂ ਤੇ ਜਾਣ ਸਮੇਂ ਮਾਸਕ ਜਰੂਰ ਪਾਉਣ ਅਤੇ ਜੇਕਰ ਕਿਸੇ ਵੀ ਵਿਅਕਤੀ ਨੂੰ ਖਾਂਸੀ, ਜੁਕਾਮ ਜਾਂ ਬੁਖਾਰ ਹੋਵੇ ਤਾਂ ਕੋਰੋਨਾ ਦੀ ਗੰਭੀਰਤਾਂ ਤੋਂ ਬਚਣ ਲਈ ਜਲਦੀ ਟੈਸਟ ਕਰਵਾਓ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਕੋਰੋਨਾ ਦੇ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਮਾਸਕ ਪਾਉਣ ਨਾਲ ਕੋਰੋਨਾ ਤੋਂ ਤਾਂ ਬਚਿਆ ਜਾ ਸਕਦਾ ਹੈ ਨਾਲ-ਨਾਲ ਸਾਹ ਦੀਆਂ ਹੋਰ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।

Author: Malout Live

Back to top button