ਤੇਜ਼ ਰਫ਼ਤਾਰ ਤੂਫ਼ਾਨ ਨੇ ਖਡੂਰ ਸਾਹਿਬ ਨੇੜਲੇ ਪਿੰਡ ‘ਚ ਮਚਾਈ ਭਿਆਨਕ ਤਬਾਹੀ, ਇੱਕ ਜ਼ਖ਼ਮੀ

ਖਡੂਰ ਸਾਹਿਬ, 2 ਜੁਲਾਈ (ਮਾਨ ਸਿੰਘ)- ਬੀਤੀ ਦੇਰ ਰਾਤ ਇਲਾਕੇ ‘ਚ ਵਗੇ ਜੁੰਮੇ ਸ਼ਾਹ (ਤੇਜ਼ ਰਫ਼ਤਾਰ ਤੂਫ਼ਾਨ) ਨੇ ਇੱਥੇ ਕਾਫ਼ੀ ਤਬਾਹੀ ਮਚਾਈ ਹੈ। ਇਸ ਤੂਫ਼ਾਨ ਨੇ ਸਭ ਤੋਂ ਵਧੇਰੇ ਕਸਬਾ ਖਡੂਰ ਸਾਹਿਬ ਨੇੜਲੇ ਪਿੰਡ ਨਾਗੋਕੇ ਵਿਖੇ ਨੁਕਸਾਨ ਕੀਤਾ ਹੈ। ਤੂਫ਼ਾਨ ਕਾਰਨ ਪਿੰਡ ਨਾਗੋਕੇ ਦੀ ਅਰਬਨ ਸਪਲਾਈ ਵਾਲੀ ਲਾਈਨ ਦੇ ਕਈ ਵਲੇ ਟੁੱਟ ਕੇ ਚੂਰ ਹੋ ਗਏ। ਪਾਵਰਕਾਮ ਸਬ-ਡਵੀਜ਼ਨ ਅਧੀਨ ਚੱਲਦੇ ਫੀਡਰ ਪੁਰਾਣਾ ਕੰਗ ਦੇ ਕਈ ਟਰਾਂਸਫ਼ਾਰਮਰ ਵੀ ਪੁੱਟੇ ਗਏ ਅਤੇ ਕਈ ਵੱਡੇ-ਵੱਡੇ ਬੋਹੜ, ਅੰਬ, ਬੇਰੀਆਂ ਅਤੇ ਟਾਹਲੀਆਂ ਦੇ ਦਰਖ਼ਤ ਵੀ ਪੁੱਟੇ ਗਏ। ਇੱਥੇ ਹੀ ਬਸ ਨਹੀਂ ਪਿੰਡ ਨਾਗੋਕੇ ਦੇ ਵਸਨੀਕ ਕਿਸਾਨ ਅਵਤਾਰ ਸਿੰਘ ਪੁੱਤਰ ਮਨੋਹਰ ਸਿੰਘ ਦਾ ਤੂੜੀ ਵਾਲਾ ਸ਼ੈੱਡ ਉੱਡ ਕੇ ਲਗਭਗ 50 ਮੀਟਰ ਦੀ ਦੂਰੀ ‘ਤੇ ਗੁਆਂਢ ‘ਚ ਰਹਿੰਦੇ ਕਿਸਾਨ ਸੁਖਵੰਤ ਸਿੰਘ ਦੇ ਘਰ ਜਾ ਡਿੱਗਾ, ਜਿਸ ਕਾਰਨ ਉਨ੍ਹਾਂ (ਗੁਆਂਢੀਆਂ) ਦਾ ਕਾਫ਼ੀ ਨੁਕਸਾਨ ਹੋਇਆ। ਕਿਸਾਨ ਸੁਖਵੰਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ‘ਚ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਮਾਮੂਲੀ ਸੱਟਾਂ ਵੀ ਲੱਗੀਆਂ। ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉੱਥੇ ਹੀ ਕਿਸਾਨ ਅਵਤਾਰ ਸਿੰਘ ਦੇ ਡੰਗਰ ਵੀ ਇਸ ਸ਼ੈੱਡ ਦੇ ਬਾਹਰਵਾਰ ਬੱਝੇ ਹੋਏ ਸਨ, ਜਿਹੜੇ ਕਿ ਹਾਦਸੇ ਤੋਂ ਪਹਿਲਾਂ ਆਪਣੇ ਰੱਸੇ ਤੁੜਾ ਕੇ ਬਾਹਰ ਭੱਜ ਗਏ ਸਨ। ਪੀੜਤ ਪਰਿਵਾਰਾਂ ਅਤੇ ਪਿੰਡ ਵਾਸੀਆਂ ਨੇ ਇਸ ਨੁਕਸਾਨ ਸੰਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।