ਡੀ.ਸੀ ਦਫ਼ਤਰ ਕਾਮਿਆਂ ਦੀ ਕਲਮਛੋੜ ਹੜਤਾਲ ਅੱਜ ਤੇ ਭਲਕੇ 24 ਨੂੰ ਸਮੂਹਿਕ ਛੁੱਟੀ ਲੈ ਕੇ ਮੋਹਾਲੀ ਰੋਸ ਰੈਲੀ ਕਰਨ ਦਾ ਐਲਾਨ
ਸ਼੍ਰੀ ਮੁਕਤਸਰ ਸਾਹਿਬ: ਡੀ.ਸੀ ਦਫ਼ਤਰ ਕਰਮਚਾਰੀਆਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਪਈਆਂ ਮੰਗਾਂ ਬਾਬਤ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਲਾਗੂ ਨਾ ਕਰਨ ਦੇ ਰੋਸ ਵਿੱਚ ਡੀ.ਸੀ ਦਫਤਰ ਕਾਮਿਆਂ ਨੇ ਮੁੜ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ ਅਤੇ ਕਲਮਛੋੜ ਹੜਤਾਲ ਕਰਕੇ ਸਾਰਾ ਕੰਮ ਮੁਕੰਮਲ ਰੂਪ ਵਿੱਚ ਠੱਪ ਕਰ ਦਿੱਤਾ ਹੈ। ਇਹ ਜਾਣਕਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਵਰਿੰਦਰ ਢੋਸੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਉਨ੍ਹਾਂ ਦੱਸਿਆ ਕਿ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਯੂਨੀਅਨ ਦੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਅਤੇ ਮੰਗਾਂ ਪ੍ਰਤੀ ਉੱਚ ਅਧਿਕਾਰੀਆਂ ਨੇ ਸਹਿਮਤੀ ਵੀ ਕੀਤੀ ਹੈ ਪ੍ਰੰਤੂ ਜ਼ਮੀਨੀ ਪੱਧਰ ਤੇ ਕਿਸੇ ਵੀ ਮੰਗ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਤਾਂ ਕਰਮਚਾਰੀ ਸਟਾਫ ਦੀ ਘਾਟ ਕਾਰਨ ਵਾਧੂ ਕੰਮ ਕਰਕੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਦੂਸਰੇ ਪਾਸੇ ਸਰਕਾਰ ਪੋਸਟਾਂ ਖਤਮ ਕਰਕੇ ਕਰਮਚਾਰੀਆਂ ਦੇ ਤਰੱਕੀ ਦੇ ਮੌਕੇ ਵੀ ਖੋਹ ਰਹੀ ਹੈ। ਜਿਸ ਕਾਰਨ ਬਹੁਤ ਸਾਰੇ ਕਰਮਚਾਰੀਆਂ ਦੇ ਰਿਵਰਸ਼ਨ ਦੀ ਤਲਵਾਰ ਲਟਕ ਰਹੀ ਹੈ। ਜਥੇਬੰਦੀ ਦੇ ਆਗੂ ਨੇ ਦੱਸਿਆ ਕਿ ਸਰਕਾਰ ਪਾਸੋਂ ਆਪਣੀਆਂ ਮੰਗਾਂ ਮੰਨਵਾਉਣ ਲਈ ਯੂਨੀਅਨ ਵੱਲੋਂ 10 ਦਿਨ ਦਾ ਨੋਟਿਸ ਵੀ ਦਿੱਤਾ ਗਿਆ ਸੀ, ਪ੍ਰੰਤੂ ਸਰਕਾਰ ਦੇ ਕੰਨ ਤੇ ਅਜੇ ਤੱਕ ਜੂੰ ਨਹੀਂ ਸਰਕੀ, ਜਿਸ ਕਾਰਨ ਡੀ.ਸੀ ਦਫਤਰ ਕਾਮਿਆਂ ਨੇ ਦੁਬਾਰਾ ਸੰਘਰਸ਼ ਦਾ ਪਿੜ ਮੱਲ ਲਿਆ ਹੈ ਅਤੇ ਮਿਤੀ 22 ਅਤੇ 23 ਸਤੰਬਰ ਨੂੰ ਕਲਮਛੋੜ ਹੜਤਾਲ ਕੀਤੀ ਜਾ ਰਹੀ ਹੈ ਜਦਕਿ 24 ਸਤੰਬਰ ਨੂੰ ਸਾਰੇ ਕਰਮਚਾਰੀ ਸਮੂਹਿਕ ਛੁੱਟੀ ਲੈ ਕੇ ਮੋਹਾਲੀ ਵਿਖੇ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਪੀ.ਏ, ਭੁਪਿੰਦਰ ਸਿੰਘ ਅਤੇ ਜਗਤਾਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਰਮਚਾਰੀ ਮੌਜੂਦ ਸਨ।