ਝੋਨੇ ਦੀ ਖਰੀਦ ਸ਼ੂਰੁ ਨਾ ਹੋਈ ਤਾਂ ਟ੍ਰੇੈਫ਼ਿਕ ਕੀਤਾ ਜਾਵੇਗਾ ਜਾਮ- ਕਿਸਾਨ
ਮਲੋਟ:- ਬਲਾਕ ਲੰਬੀ ਦੇ ਪਿੰਡ ਫਤਿਹਪੁਰ ਮਨੀਆਂ ਦੀ ਦਾਣਾ ਮੰਡੀ ਜੋ ਕਿ ਆਧਨੀਆਂ-ਫਤਿਹਪੂਰ ਮਨੀਆਂ ਲਿੰਕ ਸੜਕ ‘ਤੇ ਪੈਂਦੀ ਹੈ। ਝੋਨੇ ਦੀ ਸਰਕਾਰੀ ਖ਼ਰੀਦ ਭਾਵੇਂ ਸਰਕਾਰ ਵੱਲੋਂ 3 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ ਪਰ ਇਸ ਮੰਡੀ ਵਿਚ ਇਲਾਕੇ ਦੇ ਕਿਸਾਨ ਪਿਛਲੇ 10 ਦਿਨਾਂ ਤੋਂ ਆਪਣਾ ਝੋਨਾ ਵੇਚਣ ਲਈ ਖ਼ਰੀਦ ਏਜੰਸੀਆਂ ਦੀ ਰਾਹ ਦੇਖ ਰਹੇ ਹਨ।ਜਿਸ ਦੌਰਾਨ ਬੀਤੇ ਦਿਨ ਫਤਿਹਪੁਰ ਮਨੀਆਂ ਦੀ ਦਾਣਾ ਮੰਡੀ ਵਿੱਚ ਮੌਜੂਦ ਕਿਸਾਨਾਂ ਇੰਦਰ ਸਿੰਘ ਸਾਬਕਾ ਪੰਚ, ਪਿੰਦਰਪਾਲ ਸਿੰਘ, ਦਵਿੰਦਰ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਸਾਬਕਾ ਪੰਚ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਜੇ ਸਿਰਫ 100-100 ਗੱਟੇ ਦੀ ਖ਼ਰੀਦ ਹੋਈ ਹੈ। ਪਰ ਉਸ ਵਾਸਤੇ ਅਜੇ ਬਾਰਦਾਨਾ ਨਹੀਂ ਆਇਆ। ਉਕਤ ਕਿਸਾਨਾਂ ਨੇ ਹੋਰ ਦੱਸਿਆ ਕਿ ਇਕ ਆੜ੍ਹਤੀਆਂ ਪਤਾ ਨਹੀਂ ਕਿਹੜੇ ਅਸਰ ਰਸੂਖ ਨਾਲ ਇਸੇ ਮੰਡੀ ਵਿਚੋਂ ਝੋਨਾ ਤੁਲਵਾ ਰਿਹਾ, ਜਦੋਂਕਿ ਅਜੇ ਤੱਕ ਬਾਰਦਾਨਾ ਮੰਡੀ ਵਿਚ ਪਹੁੰਚਿਆ ਨਹੀਂ। ਇਨ੍ਹਾਂ ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਜੇਕਰ ਖ਼ਰੀਦ ਏਜੰਸੀਆਂ ਨੇ 22 ਅਕਤੂਬਰ ਤੱਕ ਫਤਿਹਪੁਰ ਮਨੀਆਂ ਦੀ ਦਾਣਾ ਮੰਡੀ ਵਿਚੋਂ ਝੋਨੇ ਦੀ ਖ਼ਰੀਦ ਦਾ ਕੰਮ ਰੈਗੂਲਰ ਸ਼ੁਰੂ ਨਾ ਕਰਵਾਇਆ ਤਾਂ ਫਿਰ ਭਾਰਤੀ ਕਿਸਾਨ ਯੂਨੀਅਨ ਨੂੰ ਨਾਲ ਲੈ ਕੇ ਕਿਸਾਨ ਮਜ਼ਬੂਰੀ ਵੱਸ ਪਿੰਡ ਅਬੁਲ ਖੁਰਾਣਾ ਵਿਖੇ ਪਹੁੰਚ ਕੇ ਮਲੋਟ-ਡੱਬਵਾਲੀ ਮੁੱਖ ਮਾਰਗ ਤੇ ਟ੍ਰੈਫ਼ਿਕ ਜਾਮ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ।