ਜੱਥੇਬੰਦੀ ਵਲੋਂ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਧਰਨਾ

ਮਲੋਟ:-ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀਆਂ ਤਿੰਨ ਬ੍ਰਾਂਚਾਂ ਮਲੋਟ,ਕਿਲਿਆਂਵਾਲੀ ਅਤੇ ਗਿੱਦੜਬਾਹਾ ਵਲੋ ਮੰਗਾਂ ਨੂੰ ਲੈ ਕੇ ਕਾਰਜਕਾਰਨੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਦੇ ਦਫ਼ਤਰ ਅੱਗੇ ਬ੍ਰਾਂਚ ਪ੍ਰਧਾਨ ਹਰਪਾਲ ਸਿੰਘ ਸਿੱਧੂ ਦੀ ਅਗਵਾਈ ਵਿਚ ਧਰਨਾ ਲਗਾਇਆ ਗਿਆ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮੁਲਾਜ਼ਮ ਮੰਗਾਂ ਤੇ ਬੋਲਦਿਆਂ ਕਿਹਾ ਕਿ ਮੰਡਲ ਦਫ਼ਤਰ ਦਾ ਰਵੱਈਆ ਮੁਲਾਜ਼ਮਾਂ ਪ੍ਰਤੀ ਮਤਰੇਈ ਮਾਂ ਵਰਗਾ ਹੈ, ਜਿੱਥੇ ਪਿਛਲੇ ਲੰਮੇਂ ਸਮੇਂ ਤੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਲਾਨਾ ਤਰੱਕੀਆਂ,4 ਸਤੰਬਰ 2014 ਸਾਲ ਤਰੱਕੀਆਂ,ਡੀ.ਏ ਦੀਆਂ ਕਿਸ਼ਤਾਂ,ਮੈਡੀਕਲ ਬਿੱਲ,ਐਲ.ਟੀ.ਸੀ ਤਾਂ ਕੀ ਦੇਣੇ ਸਨ ਸਾਰੀ ਜਿੰਦਗੀ ਮਹਿਕਮੇ ਦੇ ਲੇਖੇ ਲਾਉਣ ਵਾਲੇ ਰਿਟਾ. ਕਰਮਚਾਰੀ ਕਈ ਕਈ ਸਾਲਾਂ ਤੋਂ ਪੈਨਸ਼ਨ ਲਈ ਫ਼ਾਕੇ ਕੱਟ ਰਹੇ ਹਨ। ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਲੰਮੇ ਸਮੇਂ ਤੋਂ ਮੰਡਲ ਦਫ਼ਤਰ ਦੇ ਚੱਕਰ ਕੱਟ ਰਹੇ ਹਨ। ਜੱਥੇਬੰਦੀ ਨਾਂਲ ਵਾਰ ਵਾਰ ਮੀਟਿੰਗਾਂ ਕਰਕੇ ਮੰਗਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ, ਸਗੋਂ ਟਾਲ ਮਟੋਲ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਜੱਥੇਬੰਦੀ ਨੈ ਫ਼ੈਸਲਾ ਕੀਤਾ ਕਿ ਜੇਕਰ ਅਜੇ ਵੀ ਮੰਡਲ ਦਫ਼ਤਰ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਜੱਥੇਬੰਦੀ ਵਲੋਂ ਮਜ਼ਬੂਰ ਹੋ ਕੇ 18 ਜੁਲਾਈ 2019 ਨੂੰ ਮੰਡਲ ਦਫ਼ਤਰ ਅੱਗੇ ਧਰਨਾ ਲਗਾਉਣ ਉਪਰੰਤ ਬਾਜ਼ਾਰ ਵਿਚ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ। ਧਰਨੇ ਨੂੰ ਸੁਰਜੀਤ ਸਿੰਘ ਗਿੱਲ ਚੇਅਰਮੈਨ,ਜੋਗਿੰਦਰ ਸਿੰਘ ਸਮਾਘ,ਵਿਜੈ ਕੁਮਾਰ ਠਕਰਾਲ,ਰਾਜਜੀ ਸਿੰਘ,ਬਹਾਦਰ ਸਿੰਘ,ਜਸਵਿੰਦਰ ਸਿੰਘ,ਬਲਵਿੰਦਰ ਸਿੰਘ,ਕੁਲਦੀਪ ਚੰਦ,ਮੱਖਣ ਸਿੰਘ,ਗੁਲਾਬ ਸਿੰਘ,ਸੁਖਵੀਰ ਸਿੰਘ,ਸੁਖਦੇਵ ਸਿੰਘ ਕਾਕਾ,ਜੱਗ ਸਿੰਘ,ਓਮਕਾਰ,ਕੁਲਵੰਤ ਸਿੰਘ ਆਦਿ ਨੇ ਸੰਬੋਧਨ ਕੀਤਾ।