ਜੀ.ਓ.ਜੀ ਇੰਚਾਰਜ ਨੇ ਸੈਕਟਰੀ ਮਾਰਕਿਟ ਕਮੇਟੀ ਨਾਲ ਕਣਕ ਖਰੀਦ ਪ੍ਰਬੰਧਾਂ ਤੇ ਕੀਤੀ ਚਰਚਾ
ਮਲੋਟ:- ਗਾਰਡੀਐਂਸ ਆਫ ਗਵਰਨੈਂਸ (ਜੀ.ਓ.ਜੀ) ਤਹਿਸੀਲ ਮਲੋਟ ਦੇ ਇੰਚਾਰਜ ਵਰੰਟ ਅਫਸਰ ਹਰਪ੍ਰੀਤ ਸਿੰਘ ਨੇ ਸੈਕਟਰੀ ਮਾਰਕਿਟ ਕਮੇਟੀ ਮਲੋਟ ਸ਼ਮਸ਼ੇਰ ਸਿੰਘ ਕੌਲਧਰ ਨਾਲ ਮੀਟਿੰਗ ਕਰਕੇ ਦਾਣਾ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਕਣਕ ਖਰੀਦ ਦੀ ਤਿਆਰੀ ਸੰਬੰਧੀ ਵਿਚਾਰ ਚਰਚਾ ਕੀਤੀ। ਇਸ ਮੌਕੇ ਜੀ.ਓ.ਜੀ ਇੰਚਾਰਜ ਨੇ ਦੱਸਿਆ ਕਿ ਜੀ.ਓ.ਜੀ ਹੈਡਕੁਆਟਰ ਚੰਡੀਗੜ ਵੱਲੋਂ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਹਰ ਖਰੀਦ ਕੇਂਦਰ ਤੇ ਅੱਖ ਰੱਖਣ ਲਈ ਜੀ.ਓ.ਜੀ ਦੀ ਡਿਊਟੀ ਲਗਾਈ ਹੈ ਅਤੇ ਇਹਨਾਂ ਕੇਂਦਰਾਂ ਤੇ ਕਿਸਾਨ ਨੂੰ ਆਉਂਦੀ ਹਰ ਛੋਟੀ ਵੱਡੀ ਮੁਸ਼ਕਿਲ ਦੀ ਫੀਡਬੈਕ ਤੁਰੰਤ ਪੰਜਾਬ ਮੰਡੀ ਬੋਰਡ ਅਤੇ ਮੁੱਖ ਮੰਤਰੀ ਦਫਤਰ ਨੂੰ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਸੈਕਟਰੀ ਸਾਹਿਬ ਨਾਲ ਮਲੋਟ ਦਾਣਾ ਮੰਡੀ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਵੀ ਲਿਆ ਗਿਆ ਅਤੇ ਦਾਣਾ ਮੰਡੀ ਵਿਚ ਪੀਣ ਵਾਲੇ ਪਾਣੀ ਸਮੇਤ ਪਖਾਨੇ ਆਦਿ ਦੀ ਪੂਰੀ ਸਹੂਲੀਅਤ ਹੈ। ਇਸ ਮੌਕੇ ਸੈਕਟਰੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਜੋ ਪਿੰਡਾਂ ਦੇ ਖਰੀਦ ਕੇਂਦਰਾਂ ਤੇ ਹਲਕੀਆਂ ਕਮੀਆਂ ਸੰਬੰਧੀ ਜੋ ਪੁਆਇੰਟ ਜੀ.ਓ.ਜੀ ਇੰਚਾਰਜ ਨੇ ਧਿਆਨ ਵਿੱਚ ਲਿਆਂਦੇ ਹਨ ਉਹਨਾਂ ਨੂੰ ਅੱਜ ਹੀ ਦੂਰ ਕਰ ਦਿੱਤਾ ਜਾਵੇਗਾ। ਸੈਕਟਰੀ ਨੇ ਦੱਸਿਆ ਕਿ ਦਾਣਾ ਮੰਡੀ ਮਲੋਟ ਵਿਖੇ ਕਣਕ ਆਉਣੀ ਸ਼ੁਰੂ ਹੋ ਗਈ ਹੈ ਅਤੇ ਅੱਜ ਰਸਮੀ ਤੌਰ ਤੇ ਖਰੀਦ ਵੀ ਸ਼ੁਰੂ ਹੋ ਗਈ ਹੈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਮਨੋਜ ਕੁਮਾਰ ਵੀ ਹਾਜ਼ਿਰ ਸਨ।
Author : Malout Live