ਜਿ਼ਲ੍ਹੇ ਦੇ ਖਿਡਾਰੀਆਂ ਦੀ ਚੋਣ ਲਈ ਟਰਾਇਲ ਵੱਖ-ਵੱਖ ਥਾਵਾਂ ਤੇ 27 ਅਤੇ 28 ਮਈ ਨੂੰ ਲਏ ਜਾਣਗੇ- ਜਿ਼ਲ੍ਹਾ ਖੇਡ ਅਫਸਰ
ਮਲੋਟ(ਸ਼੍ਰੀ ਮੁਕਤਸਰ ਸਾਹਿਬ):- ਖੇਡ ਵਿਭਾਗ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਸਾਲ 2022-23 ਦੇ ਸ਼ੈਸ਼ਨ ਲਈ ਡੇ-ਸਕਾਲਰ ਸਪੋਰਟਸ ਵਿੰਗ ਸਕੂਲਾਂ ਲਈ ਹੋਣਹਾਰ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਜਿਲ੍ਹਾ ਖੇਡ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿਲੈਕਸ਼ਨ ਟਰਾਇਲ ਵਿੱਚ ਉਮਰ ਵਰਗ ਅੰਡਰ -14,17,19 ਦੇ ਖਿਡਾਰੀ ਅਤੇ ਖਿਡਾਰਨਾਂ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਸਪੋਰਟਸ ਵਿੰਗਾਂ ਲਈ ਖਿਡਾਰੀ ਅਤੇ ਖਿਡਾਰਨਾਂ ਦਾ ਜਨਮ ਅੰਡਰ-14 ਲਈ 01-01-2009, ਅੰਡਰ-17 ਲਈ 01-01-2006, ਅੰਡਰ-19 ਲਈ 01-01-2004 ਜਾਂ ਇਸ ਤੋ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ। ਖਿਡਾਰੀ ਵੱਲੋਂ ਜਿਲ੍ਹਾ ਪੱਧਰ ਕੰਪੀਟੀਸ਼ਨਾਂ ਵਿੱਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿੱਚੋ ਕੋਈ ਇਕ ਪੁਜ਼ੀਸਨ ਪ੍ਰਾਪਤ ਕੀਤੀ ਹੋਵੇ ਜਾਂ ਉਸ ਵੱਲੋ ਸਟੇਟ ਪੱਧਰ ਕੰਪੀਟੀਸ਼ਨ ਵਿੱਚ ਭਾਗ ਲਿਆ ਹੋਵੇ। ਇਸ ਤੋਂ ਇਲਾਵਾ ਟਰਾਇਲ ਦੇ ਆਧਾਰ ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਡੇ-ਸਕਾਲਰ ਵਿੰਗ ਲਈ ਸਿਲੈਕਟ ਹੋਏ ਖਿਡਾਰੀਆਂ ਨੂੰ ਸੌ ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ ਅਤੇ ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਮੁਫਤ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ। ਇਹ ਸਿਲੈਕਸ਼ਨ ਟਰਾਇਲ ਕੇਵਲ ਲੜਕੀਆਂ ਲਈ 27 ਮਈ 2022 ਨੂੰ ਜਦਕਿ ਲੜਕਿਆਂ ਲਈ 28 ਮਈ 2022 ਨੂੰ ਜਿਲ੍ਹੇ ਦੇ ਵੱਖ-ਵੱਖ ਸਥਾਨਾਂ ਤੇ ਲਏ ਜਾਣਗੇ। ਗੇਮ ਖੋਹ-ਖੋਹ (ਕੇਵਲ ਲੜਕੀਆਂ) ਸਰਕਾਰੀ ਹਾਈ ਸਕੂਲ ਪਿੰਡ ਬੁੱਟਰ ਸ਼ਰੀਂਹ, ਗੇਮ ਕੁਸ਼ਤੀ ਦੇ ਟ੍ਰਾਇਲ ਬਾਬਾ ਗੰਗਾ ਰਾਮ ਸਟੇਡੀਅਮ ਗਿੱਦੜਬਾਹਾ, ਗੇਮ ਬਾਕਸਿੰਗ, ਹਾਕੀ ਅਤੇ ਜਿਮਨਾਸਟਿਕਸ ਡੇਰਾ ਭਾਈ ਮਸਤਾਨ ਸਿੰਘ ਸੀ.ਸੈ. ਸਕੂਲ ਸ਼੍ਰੀ ਮੁਕਤਸਰ ਸਾਹਿਬ ਵਿਖੇ, ਗੇਮ ਹੈਂਡਬਾਲ ਦੇ ਟ੍ਰਾਇਲ ਸਰਕਾਰੀ ਸੀ.ਸੈ. ਸਕੂਲ (ਲੜਕੇ) ਮਲੋਟ ਵਿਖੇ ਸਵੇਰੇ 08:00 ਵਜੇ ਸ਼ੁਰੂ ਕੀਤੇ ਜਾਣੇ ਹਨ। ਰਜਿਸਟਰੇਸ਼ਨ ਫਾਰਮ ਨਿਰਧਾਰਿਤ ਮਿਤੀ ਨੂੰ ਟਰਾਇਲ ਸਥਾਨ ਉਤੇ ਜਾਂ ਇਸ ਤੋ ਪਹਿਲਾਂ ਦਫਤਰ ਜਿਲ੍ਹਾ ਖੇਡ ਅਫਸਰ, ਸ਼੍ਰੀ ਮੁਕਤਸਰ ਸਾਹਿਬ ਦੇ ਦਫਤਰ ਤੋਂ ਮੁਫਤ ਪ੍ਰਾਪਤ ਕੀਤੇ ਜਾ ਸਕਦੇ ਹਨ। ਭਾਗ ਲੈਣ ਵਾਲਾ ਖਿਡਾਰੀ ਆਪਣੇ ਸ਼੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਨਾਲ ਹੀ ਸੰਬੰਧ ਰੱਖਦਾ ਹੋਵੇ ਅਤੇ ਭਾਗ ਲੈਣ ਵਾਲੇ ਖਿਡਾਰੀ ਆਪਣੇ ਜਨਮ,ਅਧਾਰ ਕਾਰਡ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 2 ਤਾਜਾ ਪਾਸਪੋਰਟ ਸਾਈਜ ਫੋਟੋਗ੍ਰਾਫ ਨਾਲ ਲੈ ਕੇ ਆਉਣ। ਟਰਾਇਲਾਂ ਵਿੱਚ ਭਾਗ ਲੈਣ ਲਈ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਵਿਭਾਗ ਵੱਲੋ ਕੋਈ ਟੀ.ਏ ਜਾਂ ਡੀ.ਏ ਨਹੀਂ ਦਿੱਤਾ ਜਾਵੇਗਾ। ਟਰਾਇਲ ਸਥਾਨ ਉੱਤੇ ਖਿਡਾਰੀ ਅਤੇ ਖਿਡਾਰਨਾਂ ਸਪੋਰਟਸ ਕਿੱਟ ਵਿੱਚ ਆਉਣੇ ਚਾਹੀਦੇ ਹਨ।
Author : Malout Live