ਜ਼ਿਲ੍ਹੇ ‘ਚ 73 ਵਾਹਨਾਂ ਦੇ ਚਲਾਨ, 5 ਵਾਹਨਾਂ ਨੂੰ ਕੀਤਾ ਜਬਤ
ਸ੍ਰੀ ਮੁਕਤਸਰ ਸਾਹਿਬ/ਮਲੋਟ :- ਲੌਂਗੋਵਾਲ ‘ਚ ਮਾਸੂਮ ਬੱਚਿਆਂ ਨਾਲ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੇ ਸਕੂਲ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਐੱਮ.ਕੇ ਅਰਵਿੰਦ ਕੁਮਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਭਰ ਵਿਚ ਅਣਸੁਰੱਖਿਅਤ ਸਕੂਲ ਵਾਹਨਾਂ ਖ਼ਿਲਾਫ਼ ਅਭਿਆਨ ਚਲਾਇਆ ਗਿਆ। ਡਿਪਟੀ ਕਮਿਸ਼ਨਰ ਐਮ.ਕੇ.ਅਰਵਿੰਦ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਜ਼ਿਲ੍ਹੇ ਵਿਚ 73 ਵਾਹਨਾਂ ਦੇ ਚਲਾਨ ਕੀਤੇ ਗਏ ਹਨ ਅਤੇ 5 ਵਾਹਨਾਂ ਨੂੰ ਜਬਤ ਕੀਤਾ ਗਿਆ ਹੈ। ਉਨ੍ਹਾਂ ਨੇ ਸਕੂਲਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਜਿਸ ਵਾਹਨ ਵਿਚ ਬੱਚਾ ਸਫ਼ਰ ਕਰਦਾ ਹੈ , ਉਹ ਸਾਰੇ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਕਰਦਾ ਹੋਵੇ ।ਮਲੋਟ ਵਿਖੇ ਐੱਸ.ਡੀ.ਐੱਮ ਗੋਪਾਲ ਸਿੰਘ ਵੱਲੋਂ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ, ਇਸ ਦੌਰਾਨ ਮਲੋਟ ‘ਸੀ 11 ਸਕੂਲ ਬੱਸਾਂ ਦੇ ਚਲਾਨ ਅਤੇ 2 ਵਾਹਨ ਜ਼ਬਤ ਕੀਤੇ ਗਏ ਹਨ ,
ਜਦਕਿ ਗਿੱਦੜਬਾਹਾ ਵਿਚ 21 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ 3 ਨੂੰ ਜ਼ਬਤ ਵੀ ਕਰ ਲਿਆ ਗਿਆ। ਉਧਰ ਸ੍ਰੀ ਮੁਕਤਸਰ ਸਾਹਿਬ ਦੇ ਐੱਸ.ਡੀ.ਐੱਮ ਸ੍ਰੀਮਤੀ ਵੀਰਪਾਲ ਕੌਰ ਨੇ ਦੱਸਿਆ ਕਿ ਉਪ ਮੰਡਲ ਵਿਚ 2 ਸਕੂਲਾਂ ਦੇ 65 ਵਾਹਨਾਂ ਦੀ ਜਾਂਚ ਕੀਤੀ ਗਈ ਅਤੇ ਇੰਨ੍ਹਾਂ ਵਿਚੋਂ ਸੁਰੱਖਿਆ ਸਮੇਤ ਹੋਰ ਤੈਅ ਮਾਪਦੰਡ ਪੂਰੇ ਨਾ ਕਰਨ ਵਾਲੇ 41 ਵਾਹਨਾਂ ਦੇ ਮੌਕੇ ‘ ਤੇ ਚਲਾਨ ਕਰ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿਚ ਵੀ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ : ਸ਼ਿਵਾਨੀ ਨਾਗਪਾਲ ਵੀ ਹਾਜ਼ਰ ਸਨ। ਇਸ ਮੌਕੇ ਰਜਿੰਦਰ ਸਿੰਘ ਬੁੱਟਰ , ਟੈਫਿਕ ਇੰਚਾਰਜ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ। ਸਕੂਲ ਬੱਸ ਚਾਲਕਾਂ ‘ ਚ ਮੱਚਿਆ ਹੜਕੰਪ – ਦੂਜੇ ਪਾਸੇ ਸਕੂਲੀ ਵੈਨਾਂ ਦੀ ਅੱਜ ਚੈਕਿੰਗ ਲਈ ਐੱਸ.ਡੀ.ਐੱਮ ਵੀਰਪਾਲ ਕੌਰ ਵਲੋਂ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਕਾਗਜ਼ਾਤ ਪੂਰੇ ਨਾ ਹੋਣ ਵਾਲੀਆਂ ਵੈਨਾਂ ਦੇ ਚਲਾਨ ਕੀਤੇ ਗਏ । ਚੈਕਿੰਗ ਦਾ ਪਤਾ ਲੱਗਦਿਆਂ ਹੀ ਵੈਨ ਚਾਲਕਾਂ ਵਿਚ ਹੜਕੰਪ ਮਚ ਗਿਆ ਅਤੇ ਉਨ੍ਹਾਂ ਆਪਣੀਆਂ ਗੱਡੀਆਂ ਸਕੂਲਾਂ ਵਿਚੋਂ ਭਜਾ ਲਈਆਂ ਅਤੇ ਬਾਹਰ ਦੂਰ – ਦੁਰਾਡੇ ਲੰਕ ਸੜਕਾਂ ਅਤੇ ਖਾਲੀ ਪਏ ਪਲਾਟਾਂ ਵਿਚ ਲਾ ਲਈਆਂ । ਇਸ ਦੌਰਾਨ ਐੱਸ.ਡੀ.ਐੱਮ. ਵੀਰਪਾਲ ਕੌਰ ਨੇ ਦੱਸਿਆ ਕਿ ਹੁਣ ਤੱਕ ਤਿੰਨ ਸਕੂਲਾਂ ਦੀ ਚੈਕਿੰਗ ਹੋ ਚੁੱਕੀ ਹੈ ਅਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵੈਨ ਚਾਲਕਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।