HealthLIFE & STYLE

ਗਿੱਟੇ ਦੀ ਮੋਚ ਅਤੇ ਇਸਦਾ ਇਲਾਜ਼ ਕਿਸ ਤਰਾਂ ਕੀਤਾ ਜਾਂਦਾ ਹੈ|

ਗਿੱਟੇ ਦੀ ਮੋਚ ਕੀ ਹੁੰਦੀ ਹੈ?

ਗਿੱਟੇ ਦੀ ਮੋਚ ਤੋਂ ਭਾਵ ਹੈ ਗਿੱਟੇ ਵਾਲੀ ਜਗ੍ਹਾ ਹੱਡੀਆਂ ਨਾਲ ਜੁੜੇ ਇੱਕ ਜਾਂ ਵਧੇਰੇ ਯੋਜਕ ਤੰਤੂਆਂ (ਲਿਗਾਮੈਂਟਸ) ਦਾ ਖਿੱਚਿਆ ਜਾਣਾ। ਗੰਭੀਰ ਹਾਲਤਾਂ ਵਿੱਚ, ਯੋਜਕ ਤੰਤੂ ਟੁੱਟ ਜਾਂਦਾ ਹੈ। ਯੋਜਕ ਤੰਤੂ ਤੁਹਾਡੀਆਂ ਹੱਡੀਆਂ ਨਾਲ ਜੁੜੀਆਂ ਲਚਕੀਲੀਆਂ ਜਿਹੀਆਂ ਡੋਰੀਆਂ ਹੁੰਦੀਆਂ ਹਨ ਜੋ ਜੋੜਾਂ ਨੂੰ ਹਰਕਤ ਕਰਨ ਵਿੱਚ ਮਦਦ ਕਰਦੇ ਹਨ। ਗਿੱਟੇ ਦੀ ਮੋਚ ਬੱਚਿਆਂ ਵਿੱਚ ਆਮ ਸੱਟ ਹੈ।

ਗਿੱਟੇ ਦੀ ਮੋਚ ਬੱਚਿਆਂ ਵਿੱਚ ਆਮ ਸੱਟ ਹੈ। ਹੋ ਸਕਦਾ ਹੈ ਤੁਹਾਡੇ ਬੱਚੇ ਦੇ ਗਿੱਟੇ ਨੂੰ ਖੇਡਾਂ ਖੇਡਦੇ ਹੋਏ ਮਰੋੜ ਆ ਗਈ ਹੋਵੇ ਜਾਂ ਉਸ ਦਾ ਪੈਰ ਅਸਧਾਰਨ ਢੰਗ ਨਾਲ ਜ਼ਮੀਨ ਉੱਪਰ ਟਿਕਣ ਕਾਰਨ ਇਹ ਸੱਟ ਲੱਗੀ ਹੋਵੇ।

ਗਿੱਟੇ ਦੀ ਮੋਚ ਅਕਸਰ ਬਹੁਤੀ ਵਾਰੀ ਗਿੱਟੇ ਦੇ ਬਾਹਰਲੇ ਪਾਸੇ ਆਉਂਦੀ ਹੈ। ਇਸ ਦਾ ਭਾਵ ਹੈ ਕਿ ਗਿੱਟਾ ਅੰਦਰ ਵੱਲ ਨੂੰ ਮਰੋੜਿਆ ਗਿਆ ਹੈ। ਗਿੱਟਾ ਨੂੰ ਮਰੋੜ ਬਾਹਰਲੇ ਪਾਸੇ ਵੀ ਆ ਸਕਦੀ ਹੈ।

ਹਲਕੀ ਸੱਟ ਨਾਲ ਯੋਜਕ ਤੰਤੂ ਨੂੰ ਖਿੱਚ ਪੈਣੀ ਅਤੇ ਥੋੜ੍ਹੀ ਜਿਹੀ ਸੋਜ ਹੁੰਦੀ ਹੈ। ਗੰਭੀਰ ਸੱਟ ਨਾਲ ਯੋਜਕ ਤੰਤੂ ਪਾਟ (ਟੁੱਟ) ਜਾਂਦਾ ਹੈ ਅਤੇ ਸੋਜ ਵਧੇਰੇ ਹੁੰਦੀ ਹੈ।

ਗਿੱਟੇ ਦੀ ਮੋਚ ਦੀਆਂ ਨਿਸ਼ਾਨੀਆਂ ਅਤੇ ਲੱਛਣ

ਗਿੱਟੇ ਦੀ ਸੱਟ ਲੱਗਣ ਪਿੱਛੋਂ, ਤੁਹਾਡੇ ਬੱਚੇ ਨੂੰ ਇਹ ਹੋ ਸਕਦਾ ਹੈ:

 • ਚੱਲਣ ਵਿੱਚ ਮੁਸ਼ਕਲ ਆਉਣੀ
 • ਹਲ਼ਕੇ ਦਰਦ ਤੋਂ ਲੈ ਕੇ ਸਖ਼ਤ ਦਰਦ
 • ਗਿੱਟੇ ਵਿੱਚ ਘੱਟ ਹਰਕਤ

ਦੂਜੀਆਂ ਨਿਸ਼ਾਨੀਆਂ ਵਿੱਚ ਇਹ ਸ਼ਾਮਲ ਹੋ ਸਕਦੀਆਂ ਹਨ:

 • ਗਿੱਟੇ ਦੇ ਮੂਹਰਲੇ ਹਿੱਸੇ ਅਤੇ ਪਾਸੇ ‘ਤੇ ਸੋਜ ਅਤੇ ਝਰੀਟਾਂ
 • ਹੱਡੀਆਂ ਦੇ ਆਲੇ ਦੁਆਲੇ ਦੀ ਥਾਂ ਨਰਮ ਹੋ ਜਾਣੀ (ਛੋਹਣ ਨਾਲ ਦਰਦ ਹੋਣਾ)
 • ਹੱਡੀਆਂ ਦੇ ਉੱਭਰੇ ਹੋਏ ਭਾਗ ਉੱਪਰ ਥੋੜ੍ਹੀ ਜਿਹੀ ਜਾਂ ਨਾ-ਮਾਤਰ ਨਰਮੀ ਹੋਣੀ

ਗਿੱਟੇ ਨੂੰ ਆਈ ਮੋਚ ਨਾਲ ਨਜਿੱਠਣਾ

ਜੇ ਤੁਹਾਡੇ ਬੱਚੇ ਦਾ ਗਿੱਟਾ ਟਿਕਾਉ ਵਿੱਚ ਹੋਵੇ, ਦਰਦ ਬਹੁਤ ਹੀ ਘੱਟ ਹੋਵੇ ਅਤੇ ਹੱਡੀ ਵਾਲੀ ਥਾਂ ਨਰਮ ਨਾ ਹੋਵੇ ਜਾਂ ਉੱਥੇ ਸੋਜ ਨਾ ਹੋਵੇ, ਤੁਸੀਂ ਘਰ ਵਿੱਚ ਹੀ ਆਪਣੇ ਬੱਚੇ ਦੀ ਦੇਖਭਾਲ ਕਰ ਸਕਦੇ ਹੋ। ਆਪਣੇ ਬੱਚੇ ਦੇ ਡਾਕਟਰ ਨੂੰ ਉੱਥੋਂ ਹੀ ਫੋਨ ਕਰੋ।

ਜੇ ਤੁਹਾਡੇ ਬੱਚੇ ਦਾ ਗਿੱਟਾ ਟਿਕਾਉ ਵਿੱਚ ਨਾ ਹੋਵੇ, ਦਰਦ ਬਹੁਤ ਹੋਵੇ ਅਤੇ ਹੱਡੀ ਵਾਲੀ ਥਾਂ ਨਰਮ ਹੋਵੇ ਜਾਂ ਉੱਥੇ ਸੋਜ਼ਸ਼ ਹੋਵੇ ਤਾਂ ਤੁਹਾਨੂੰ ਆਪਣੇ ਬੱਚੇ ਨੂੰ ਡਾਕਟਰ ਨੂੰ ਵਿਖਾਉਣ ਦੀ ਲੋੜ ਪਵੇਗੀ। ਡਾਕਟਰ ਇਹ ਵੇਖਣ ਲਈ ਟੈਸਟ ਕਰੇਗਾ ਕਿ ਗਿੱਟੇ ਨੂੰ ਕਿੰਨਾਂ ਕੁ ਨੁਕਸਾਨ ਹੋਇਆ ਹੈ।

ਘਰ ਵਿੱਚ ਹੀ ਆਪਣੇ ਬੱਚੇ ਦੀ ਸੰਭਾਲ ਕਰਨੀ

ਅਰਾਮ, ਬਰਫ਼, ਘੁੱਟ ਕੇ ਬੰਨਣਾ, ਮੋਚ ਵਾਲੇ ਗਿੱਟੇ ਨੂੰ ਉੱਚਾ ਰੱਖਣਾ

ਪਹਿਲੇ 24 ਘੰਟੇ ਗਿੱਟੇ ਨੂੰ ਅਰਾਮ ਦਿਓ।

ਜਦੋਂ ਤੁਹਾਡਾ ਬੱਚਾ ਜਾਗਦਾ ਹੋਵੇ, ਸੋਜ ਵਾਲੀ ਜਾਂ ਦਰਦ ਵਾਲੀ ਜਗ੍ਹਾ ‘ਤੇ ਬਰਫ਼ ਦੀ ਪੋਟਲੀ (ਪੈਕ) ਨੂੰ 30 ਮਿੰਟਾਂ ਲਈ 3 ਦਿਨ ਹਰ 4 ਘੰਟਿਆਂ ਪਿੱਛੋਂ ਰੱਖਦੇ ਰਹੋ।

ਸੋਜ਼ਸ਼ ਨੂੰ ਘਟਾਉਣ ਲਈ ਗਿੱਟੇ ਨੂੰ ਦਿਲ ਦੀ ਪੱਧਰ ਤੋਂ ਉੱਚਾ ਚੁੱਕ ਕੇ ਰੱਖੋ।

ਆਈਬਿਊਪਰੋਫ਼ੈਨ,ਸਹਾਰਾ ਦੇਣ (ਟਿਕਾਉ ਵਿੱਚ ਰੱਖਣ) ਲਈ ਪੱਟੀਆਂ ਅਤੇ ਫੌਹੜੀਆਂ

ਤੁਹਾਡਾ ਡਾਕਟਰ ਦਰਦ ਉੱਪਰ ਕਾਬੂ ਪਾਉਣ ਲਈ ਅਤੇ ਸੋਜ ਘਟਾਉਣ ਵਾਸਤੇ ਤੁਹਾਡੇ ਬੱਚੇ ਨੂੰ ਆਈਬਿਊਪਰੋਫ਼ੈਨ (ਐਡਵਿਲ, ਮੋਟਰਿਨ ਜਾਂ ਅਜਿਹੀ ਕਿਸਮ ਦੀ ਹੋਰ ਦਵਾਈ) ਦੇਣ ਲਈ ਮਸ਼ਵਰਾ ਦੇ ਸਕਦਾ ਹੈ।

ਸਹਾਰਾ ਦੇਣ (ਟਿਕਾਉ ਵਿੱਚ ਰੱਖਣ) ਲਈ ਪੱਟੀਆਂ ਜਾਂ ਏਅਰਕਾਸਟ ਸੋਜ਼ਸ਼ ਨੂੰ ਘੱਟ ਕਰ ਸਕਦਾ ਹੈ ਅਤੇ ਇਸ ਨਾਲ ਗਿੱਟੇ ਨੂੰ ਹੋਰ ਸੱਟ ਲੱਗਣ ਤੋਂ ਵੀ ਬਚਾਅ ਹੋ ਸਕਦਾ ਹੈ।

ਜੇ ਤੁਹਾਡੇ ਬੱਚੇ ਨੂੰ ਚੱਲਣ ਵਿੱਚ ਮੁਸ਼ਕਲ ਆਉਂਦੀ ਹੋਵੇ ਤਾਂ ਉਹ ਬਸਾਖੀਆਂ ਵੀ ਵਰਤ ਸਕਦਾ ਹੈ।

ਮਜ਼ਬੂਤੀ ਲਿਆਉਣ ਵਾਸਤੇ ਕਸਰਤਾਂ

ਜੇ ਤੁਹਾਡੇ ਬੱਚੇ ਦੇ ਗਿੱਟੇ ਨੂੰ ਮਾਮੂਲੀ ਜਿਹੀ ਮੋਚ ਆਈ ਹੋਵੇ, ਉਹ ਸੱਟ ਲੱਗਣ ਦੇ 48 ਘੰਟੇ ਪਿੱਛੋਂ ਗਿੱਟੇ ਦੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਸਕਦਾ ਹੈ। ਕਸਰਤ ਦੀਆਂ ਇਨ੍ਹਾਂ ਕਿਰਿਆਵਾਂ ਵਿੱਚ ਗਿੱਟੇ ਨੂੰ ਇਸ ਦੀ ਆਪਣੀ ਕੁਦਰਤੀ ਹੱਦ ਅੰਦਰ ਹਿਲਾਉਂਦਿਆਂ ਹੋਇਆਂ ਗਿੱਟੇ ਨੂੰ ਪਿਛਾਂਹ, ਅੱਗੇ, ਅੰਦਰ, ਅਤੇ ਬਾਹਰ ਨੂੰ ਮੋੜਨਾ ਸ਼ਾਮਲ ਹੁੰਦਾ ਹੈ। ਸੰਤੁਲਨ ਨੂੰ ਸੁਧਾਰਨ ਲਈ ਸੱਟ ਲੱਗੀ ਲੱਤ ‘ਤੇ ਭਾਰ ਦੇ ਕੇ ਖੜ੍ਹਾ ਹੋਣਾ ਜ਼ਰੂਰੀ ਹੁੰਦਾ ਹੈ। ਹਲ਼ਕਾ ਭਾਰ ਦੇਣ ਅਤੇ ਹੌਲੀ ਹੌਲੀ ਚੱਲਣ ਨਾਲ ਠੀਕ ਹੋਣ ਵਿੱਚ ਮਦਦ ਮਿਲ਼ਦੀ ਹੈ।

ਸੱਟ ਦੀ ਹਾਲਤ ਵਿੱਚ ਸੁਧਾਰ ਹੋਣ ਵਿੱਚ 2 ਹਫ਼ਤੇ ਤੋਂ ਵੱਧ ਲੱਗ ਸਕਦੇ ਹਨ, ਅਤੇ ਮੁਕੰਮਲ ਤੌਰ ਤੇ ਠੀਕ ਹੋਣ ਵਿੱਚ 10 ਤੋਂ 12 ਹਫ਼ਤੇ ਲੱਗ ਜਾਂਦੇ ਹਨ।

ਡਾਕਟਰੀ ਸਹਾਇਤਾ ਕਦੋਂ ਲੈਣੀ ਚਾਹੀਦੀ ਹੈ

ਜੇ 48 ਘੰਟਿਆਂ ਪਿੱਛੋਂ ਵੀ, ਚੱਲਣ ਵਿੱਚ ਮੁਸ਼ਕਲ ਆਉਂਦੀ ਹੋਵੇ ਅਤੇ ਦਰਦ ਹੁੰਦਾ ਰਹੇ ਤਾਂ ਆਪਣੇ ਡਾਕਟਰ ਨਾਲ ਮੁੜ ਗੱਲ ਕਰੋ। ਵਧੇਰੇ ਕਸਰਤਾਂ ਅਤੇ ਫ਼ਿਜ਼ਅਥਰੈਪੀ ਦੀ ਲੋੜ ਵੀ ਪੈ ਸਕਦੀ ਹੈ।

ਖੇਡਾਂ ਮੁੜ ਕੇ ਸ਼ੁਰੂ ਕਰਨੀਆਂ

ਜਦੋਂ ਤੁਹਾਡੇ ਬੱਚੇ ਦੇ ਗਿੱਟੇ ਦੀ ਹਰਕਤ ਪੂਰੀ ਹੱਦ ਤੀਕ ਹੋਣੀ ਸ਼ੁਰੂ ਹੋ ਜਾਵੇ ਅਤੇ ਗਿੱਟੇ ਵਿੱਚ ਪੂਰੀ ਮਜ਼ਬੂਤੀ ਆ ਜਾਵੇ ਤਾਂ ਉਹ ਮੁੜ ਕੇ ਖੇਡਾਂ ਸ਼ੁਰੂ ਕਰ ਸਕਦਾ ਹੈ। ਤੁਸੀਂ ਆਪਣੇ ਬੱਚੇ ਨੂੰ ਸੱਟ ਵਾਲੀ ਲੱਤ ਉੱਤੇ 5 ਵਾਰੀ ਟੱਪਣ ਲਈ ਕਹਿ ਕੇ ਉਸ ਦੇ ਗਿੱਟੇ ਦੀ ਮਜ਼ਬੂਤੀ ਦਾ ਪਤਾ ਕਰ ਸਕਦੇ ਹੋ। ਵੇਖੋ ਕਿ ਟੱਪਣ ਸਮੇਂ ਕੀ ਤੁਹਾਡਾ ਬੱਚਾ ਦਰਦ ਜਾਂ ਅਸਥਿਰਤਾ ਦੀਆਂ ਨਿਸ਼ਾਨੀਆਂ ਦਰਸਾਉਂਦਾ ਹੈ। ਇਹ ਵੀ ਵੇਖੋ ਕਿ ਕੀ ਤੁਹਾਡਾ ਬੱਚਾ ਛੋਟੇ ਛੋਟੇ ਵਿੰਗ ਟੇਢ ਪਾ ਕੇ ਸਹਿਜੇ ਹੀ ਭੱਜ ਸਕਦਾ ਹੈ।

ਬਹੁਤ ਛੇਤੀ ਹੀ ਮੁੜ ਕੇ ਖੇਡਾਂ ਸ਼ਰੂ ਕਰ ਦੇਣ ਨਾਲ ਗਿੱਟੇ ਨੂੰ ਵਧੇਰੇ ਸੱਟ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਪੂਰੀ ਅਤੇ ਮੁਕੰਮਲ ਬਹਾਲੀ ਤੋਂ ਬਿਨਾਂ, ਤੁਹਾਡੇ ਬੱਚੇ ਨੂੰ ਲੰਮੇ ਸਮੇਂ ਲਈ ਸਮੱਸਿਆਵਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਖੇਡਣ ਤੋਂ ਪਹਿਲਾਂ ਗਰਮ (ਵਾਰਮ-ਅੱਪ) ਹੋਣ ਲਈ ਕੀਤੀਆਂ ਜਾਣ ਵਾਲੀਆਂ ਕਸਰਤਾਂ ਅਤੇ ਲੇਸ ਅੱਪ ਸਪੋਰਟ (ਸਹਾਰੇ) ਨਾਲ ਗਿੱਟੇ ਨੂੰ ਵੱਧ ਸੱਟ ਲੱਗਣ ਤੋਂ ਬਚਾਇਆ ਜਾ ਸਕਦਾ ਹੈ। ਸਖ਼ਤ ਮੁਕਾਬਲੇ ਵਾਲੀਆਂ ਖੇਡਾਂ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਅਜਿਹੇ ਡਾਕਟਰ ਨਾਲ ਮਸ਼ਵਰਾ ਕਰਨਾ ਚਾਹੀਦਾ ਹੈ ਜਿਹੜਾ ਖੇਡਾਂ ਅਤੇ ਖੇਡਾਂ ਨਾਲ ਸੰਬੰਧਤ ਸੱਟਾਂ ਤੋਂ ਜਾਣੂ ਹੋਵੇ।

ਮੁੱਖ ਨੁਕਤੇ

 • ਗਿੱਟੇ ਦੀਆਂ ਸੱਟਾਂ ਨਾਲ ਦਰਦ ਅਤੇ ਸੋਜ਼ਸ਼ ਹੋ ਸਕਦੀ ਹੈ।
 • ਠੀਕ ਹੋਣ ਲਈ ਸਮਾਂ ਅਤੇ ਸਬਰ ਚਾਹੀਦਾ ਹੈ।
 • ਕਸਰਤਾਂ ਨਾਲ ਗਿੱਟਾ ਛੇਤੀ ਠੀਕ ਹੁੰਦਾ ਹੈ।
 • ਗੰਭੀਰ ਸੱਟਾਂ ਦਾ ਇਲਾਜ ਅਜਿਹੇ ਡਾਕਟਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ ਜਿਹੜਾ ਹੱਡੀਆਂ ਅਤੇ ਜੋੜਾਂ ਦੀਆਂ ਸੱਟਾਂ ਤੋਂ ਜਾਣੂ ਹੋਵੇ।
 • ਬਹੁਤ ਛੇਤੀ ਹੀ ਮੁੜ ਕੇ ਖੇਡਾਂ ਸ਼ੁਰੂ ਕਰ ਦੇਣ ਨਾਲ ਗਿੱਟੇ ਦੀਆਂ ਲੰਮੇ ਸਮੇਂ ਵਾਲੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

Leave a Reply

Your email address will not be published. Required fields are marked *

Back to top button