ਗਊ ਭਗਤਾਂ ਨੇ ਛੁਡਵਾਏ ਬੁੱਚੜਖਾਨੇ ਲਿਜਾਏ ਜਾ ਰਹੇ 30 ਬਲਦ

ਰਾਮਪੁਰਾ ਫੂਲ (ਆਰਤੀ ਕਮਲ ):- ਗਊ ਭਗਤਾਂ ਵੱਲੋਂ ਬੁੱਚੜਖਾਨੇ ਲਿਜਾਏ ਜਾ ਰਹੇ 30 ਬਲਦ ਛੁੜਵਾ ਕੇ ਸਥਾਨਕ ਨੰਦੀਸ਼ਾਲਾ ਵਿਖੇ ਭੇਜ ਦਿੱਤੇ ਗਏ। ਸਹਾਰਾ ਗਰੁੱਪ ਪੰਜਾਬ ਦੇ ਪ੍ਰਧਾਨ ਸੰਦੀਪ ਵਰਮਾ ਤੇ ਬਜਰੰਗ ਦਲ ਦੇ ਜ਼ਿਲਾ ਮੀਤ ਪ੍ਰਧਾਨ ਯਸਪਾਲ ਧੀਂਗਡ਼ਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਬੁੱਚੜਖਾਨੇ ਲਿਜਾਣ ਲਈ ਦੋ ਕੰਟੇਨਰਾਂ ’ਚ ਬਲਦ ਲੱਦ ਕੇ ਬਰਨਾਲਾ ਤੋਂ ਬਠਿੰਡਾ ਲਿਜਾਏ ਜਾ ਰਹੇ ਹਨ , ਜਿਸ ’ਤੇ ਕਾਰਵਾਈ ਕਰਦਿਆਂ ਉਨ੍ਹਾਂ ਨੇ ਟੀਮਾਂ ਬਣਾ ਕੇ ਸ਼ੱਕੀ ਟਰੱਕਾਂ ਤੇ ਕੰਟੇਨਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਬਠਿੰਡਾ-ਚੰਡੀਗਡ਼੍ਹ ਮੁੱਖ ਮਾਰਗ ’ਤੇ ਸਥਿਤ ਟੀ-ਪੁਆਇੰਟ ਵਿਖੇ ਇਕ ਕੰਟੇਨਰ ਨੂੰ ਘੇਰ ਕੇ ਉਸਦੀ ਤਲਾਸ਼ੀ ਲਈ ਗਈ ਤੇ ਜਿਸ ਵਿੱਚੋ ਕਰੀਬ 16 ਬਲਦ ਪ੍ਰਾਪਤ ਕੀਤੇ ਗਏ । ਜਿਸਦੀ ਸੂਚਨਾ ਪੁਲਸ ਥਾਣਾ ਸਿਟੀ ਰਾਮਪੁਰਾ ਨੂੰ ਦਿੱਤੀ ਗਈ, ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟਰੱਕ ’ਚ ਸਵਾਰ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਨੇ ਟਰੱਕ ਨੂੰ ਕਬਜ਼ੇ ’ਚ ਲੈ ਲਿਆ । ਟਰੱਕ ’ਚੋਂ 14 ਬਲਦ ਪ੍ਰਾਪਤ ਕੀਤੇ ਗਏ|ਸੰਦੀਪ ਵਰਮਾ ਨੇ ਦੱਸਿਆ ਕਿ ਬੁੱਚੜਾ ਤੋਂ ਛੁਡਾਏ ਗਏ 30 ਬਲਦ ਸਥਾਨਕ ਨੰਦੀਸ਼ਾਲਾ ਵਿਖੇ ਭੇਜ ਦਿੱਤੇ ਗਏ ਹਨ ਤੇ ਇਸ ਕੰਮ ’ਚ ਸ਼ਾਮਲ 5 ਬੁੱਚਡ਼ਾਂ ਨੂੰ ਥਾਣਾ ਸਿਟੀ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੌਕੇ ਬੀ. ਜੇ. ਪੀ. ਯੁਵਾ ਮੋਰਚਾ ਦੇ ਆਗੂ ਦਿਨੇਸ਼ ਬਾਂਸਲ, ਸ਼ਨੀ ਪਾਤਡ਼ਾ, ਜੱਗੀ ਪਾਤਡ਼ਾ, ਸੁੱਖਾ ਕੋਟਡ਼ਾ, ਕਾਲਾ ਤੇ ਹਨੀ ਪਾਤਡ਼ਾ ਆਦਿ ਹਾਜ਼ਰ ਸਨ। ਇਸ ਸਬੰਧੀ ਜਾਂਚ ਅਫਸਰ ਸੁਖਜਿੰਦਰ ਸਿੰਘ ਨੇ ਕਿਹਾ ਕਿ ਮੈਂਬਰਾਂ ਦੇ ਬਿਆਨ ਲੈ ਕੇ ਮੁਲਜ਼ਮਾਂ ਖਿਲਾਫ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।