ਕਮਿਊਨਿਟੀ ਹੈਲਥ ਸੈਂਟਰ ਵਿਖੇ ਦਵਾਈਆਂ ਵਾਲੇ ਸਟੋਰ ਨੂੰ ਅਚਾਨਕ ਲੱਗੀ ਅੱਗ
ਮਲੋਟ(ਲੰਬੀ):- ਕੁੱਝ ਦਿਨਾਂ ਤੋਂ ਵੀ.ਆਈ.ਪੀ ਬਣੇ ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਦਵਾਈਆਂ ਵਾਲੇ ਸਟੋਰ ਨੂੰ ਅਚਾਨਕ ਬਾਅਦ ਦੁਪਹਿਰ ਅੱਗ ਲੱਗ ਜਾਣ ਦੀ ਖ਼ਬਰ ਹੈ। ਉੱਚ ਅਧਿਕਾਰੀਆਂ ਨੂੰ ਸਮੇਂ ਸਿਰ ਜਾਣਕਾਰੀ ਨਾ ਦੇਣ ‘ਤੇ ਹਸਪਤਾਲ ਦੇ ਅਧਿਕਾਰੀਆਂ ਦੀ ਕਾਰਜ ਪ੍ਰਣਾਲੀ ‘ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਇਕੱਤਰ ਜਾਣਕਾਰੀ ਅਨੁਸਾਰ ਸੀ.ਐੱਚ.ਸੀ ਲੰਬੀ ਵਿਖੇ ਦਵਾਈਆਂ ਵਾਲੇ ਸਟੋਰ ਨੂੰ ਅੱਗ ਲੱਗ ਗਈ। ਇਸ ਮੌਕੇ ਹਸਪਤਾਲ ਵਿਚ ਸਵੇਰ ਤੋਂ ਆਪਣੀ ਡਿਊਟੀ ਕਰ ਰਿਹਾ ਅਮਲਾ ਦੋ ਵਜੇ ਛੁੱਟੀ ਕਰ ਕੇ ਚਲਾ ਗਿਆ ਸੀ। ਹਸਪਤਾਲ ਵਿੱਚ ਮਰੀਜ਼ਾਂ ਨੇ ਜਦੋਂ ਦਵਾਈਆਂ ਵਾਲੇ ਸਟੋਰ ਵਿੱਚੋਂ ਅੱਗ ਦਾ ਧੂੰਆਂ ਬਾਹਰ ਨਿਕਲਦਾ ਦੇਖਿਆਂ ਤਾਂ ਉਨ੍ਹਾਂ ਵੱਲੋਂ ਰੌਲਾ ਪਾਉਣ ‘ਤੇ ਹਸਪਤਾਲ ਦੇ ‘ਤੇ ਆਸ-ਪਾਸ ਰਹਿੰਦੇ ਪਿੰਡ ਵਾਸੀਆਂ ਨੇ
ਆਪਣੇ ਪੱਧਰ ‘ਤੇ ਇਮਾਰਤ ਦੇ ਬੰਦ ਦਰਵਾਜ਼ੇ ਤੋੜ ਕਿ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਥੋੜੇ ਸਮੇਂ ਬਾਅਦ ਦੋ ਫਾਇਰ ਬ੍ਰਿਗੇਡ ਦੀਆ ਗੱਡੀਆਂ ਵਲੋਂ ਪਹੁੰਚ ਕੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਕਾਰਨਾਂ ਅਤੇ ਦਵਾਈਆਂ ਦੇ ਹੋਏ ਨੁਕਸਾਨ ਸੰਬੰਧੀ ਪਤਾ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਪਵਨ ਮਿੱਤਲ ਨਾਲ ਵਾਰ-ਵਾਰ ਸੰਪਰਕ ਕਰਨ ‘ਤੇ ਉਨ੍ਹਾਂ ਆਪਣਾ ਫ਼ੋਨ ਨਹੀਂ ਚੁੱਕਿਆ। ਮੁੱਖ ਮੈਡੀਕਲ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਡਾ. ਰੰਜੂ ਸਿੰਗਲਾ ਨਾਲ ਫ਼ੋਨ ‘ਤੇ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਅਜੇ ਜਾਣਕਾਰੀ ਨਹੀਂ ਹੈ ਅਤੇ ਇਸ ਦਾ ਪਤਾ ਕਰਵਾਉਂਦੇ ਹਨ।
Author : Malout Live