ਏ.ਡੀ.ਸੀ. ਵੱਲੋਂ ਪਰਾਲੀ ਪ੍ਰਬੰਧਨ ਲਈ ਤਾਇਨਾਤ ਕੋਆਰਡੀਨੇਟਰਾਂ ਨਾਲ ਬੈਠਕ

ਸ੍ਰੀ ਮੁਕਤਸਰ ਸਾਹਿਬ:– ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਰਿਚਾ ਈ.ਏ.ਐਸ. ਨੇ ਅੱਜ ਪਰਾਲੀ ਪ੍ਰਬੰਧਨ ਲਈ ਜ਼ਿਲੇ ਵਿਚ ਲਗਾਏ 25 ਕੋਆਰਡੀਨੇਟਰਾਂ ਨਾਲ ਬੈਠਕ ਕੀਤੀ ਅਤੇ ਉਨਾਂ ਨੂੰ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਵਧੇਰੇ ਤਨਦੇਹੀ ਨਾਲ ਯਤਨ ਕਰਨ ਲਈ ਕਿਹਾ। ਉਨਾਂ ਨੇ ਇਸ ਮੌਕੇ ਕਿਹਾ ਕਿ ਜਿਹੜੇ ਨੋਡਲ ਅਫਸਰ ਆਪਣੇ ਕੰਮ ਵਿਚ ਢਿੱਲ ਵਰਤ ਰਹੇ ਹਨ ਉਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨਾਂ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਸਭ ਤੋਂ ਵੱਧ ਮਹੱਤਵਪੂਰਨ ਕੰਮ ਹੈ ਅਤੇ ਇਸ ਵਿਚ ਕਿਸੇ ਵੀ ਕੁਤਾਹੀ ਨੂੰ ਬਰਦਾਸਤ ਨਹੀਂ ਕੀਤਾ ਜਾਵੇਗਾ। ਏ.ਡੀ.ਸੀ. ਡਾ: ਰਿਚਾ ਨੇ ਕੋਆਰਡੀਨੇਟਰਾਂ ਨੂੰ ਹਦਾਇਤ ਕੀਤੀ ਕਿ ਨੋਡਲ ਅਫ਼ਸਰ ਪਿੰਡ ਵਿਚ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਅਤੇ ਜਿੰਨਾਂ ਕਿਸਾਨਾਂ ਨੇ ਵਿਭਾਗ ਤੋਂ ਸਬਸਿਡੀ ਤੇ ਮਸ਼ੀਨਾਂ ਲਈਆਂ ਹਨ, ਪੰਚ, ਸਰਪੰਚ, ਨੰਬਰਦਾਰ, ਸਰਕਾਰੀ ਮੁਲਾਜਮ ਆਦਿ ਨਾਲ ਰਾਬਤਾ ਕੀਤਾ ਜਾਵੇ। ਉਨਾਂ ਨੇ ਕਿਹਾ ਕਿ ਜਿੰਨਾਂ ਕਿਸਾਨਾਂ ਨੇ ਜਮੀਨਾਂ ਠੇਕੇ ਤੇ ਦਿੱਤੀਆਂ ਹਨ ਜੇਕਰ ਉਨਾਂ ਦੀ ਜਮੀਨ ਵਿਚ ਅੱਗ ਲੱਗੀ ਤਾਂ ਮਾਲਕ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸੇ ਤਰਾਂ ਪੰਚਾਇਤੀ ਜਮੀਨ ਠੇਕੇ ਤੇ ਲੈਣ ਵਾਲਿਆਂ ਨੇ ਵੀ ਜੇ ਅੱਗ ਲਗਾਈ ਤਾਂ ਉਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਏ.ਡੀ.ਸੀ. ਨੇ ਕਿਹਾ ਕਿ ਨੋਡਲ ਅਫ਼ਸਰ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਲਈ ਮਸੀਨਾਂ ਦੀ ਉਪਲਬੱਧਤਾ ਵਿਚ ਸਹਾਇਤਾ ਕਰਨ ਕਿਉਂਕਿ ਉਨਾਂ ਨੂੰ ਖੇਤੀਬਾੜੀ ਵਿਭਾਗ ਨੇ ਪਹਿਲਾਂ ਹੀ ਮਸ਼ੀਨਾਂ ਦੇ ਮਾਲਕਾਂ ਦੀਆਂ ਸੂਚੀਆਂ ਮੁਹਈਆਂ ਕਰਵਾਈਆਂ ਹਨ ਜਿੰਨਾਂ ਤੋਂ ਹੋਰ ਕਿਸਾਨ ਕਿਰਾਏ ਤੇ ਮਸ਼ੀਨਾਂ ਲੈ ਸਕਦੇ ਹਨ। ਉਨਾਂ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਪਰਾਲੀ ਨੂੰ ਸਾੜਨ ਨਾਲ ਸਾਡੇ ਵਾਤਾਵਰਨ ਨੂੰ ਹੀ ਨੁਕਸਾਨ ਨਹੀਂ ਹੁੰਦਾ ਸਗੋਂ ਇਸ ਨਾਲ ਮਨੁੱਖੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਮਿੱਟੀ ਵਿਚ ਮਿਲਾ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਚੰਗਾਂ ਕੰਮ ਕਰਨ ਵਾਲੇ ਨੋਡਲ ਅਫ਼ਸਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
ਇਸ ਮੌਕੇ ਜ਼ਿਲਾ ਖੇਤੀਬਾੜੀ ਅਫ਼ਸਰ ਸ: ਬਲਜਿੰਦਰ ਸਿੰਘ ਬਰਾੜ, ਅਭੈਜੀਤ ਸਿੰਘ ਧਾਲੀਵਾਲ, ਕਰਮਜੀਤ ਸਿੰਘ ਵੀ ਹਾਜਰ ਸਨ।