ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਨੇ ਕੈਬਿਨਟ ਮੰਤਰੀ ਨੂੰ ਦਿੱਤਾ ਮੰਗ ਪੱਤਰ
ਮਲੋਟ:- ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੂੰ ਮੰਗ ਪੱਤਰ ਦਿੱਤਾ ਗਿਆ। ਇਫਟੂ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਰਾਜ ਸਿੰਘ ਦੀ ਅਗਵਾਈ ਵਿੱਚ ਦਿੱਤੇ ਗਏ ਇਸ ਪੱਤਰ ਵਿੱਚ ਦੱਸਿਆ ਗਿਆ ਕਿ ਉਸਾਰੀ ਕਾਮੇ ਵਿਕਾਸ ਲਈ ਰੀੜ੍ਹ ਦੀ ਹੱਡੀ ਹੈ, ਪਰ ਪਿਛਲੇ ਪੰਜ ਸਾਲਾਂ ਤੋਂ ਨਵਾਂ ਆਨਲਾਈਨ ਕੰਮ ਤੇ ਦੋ ਸਾਲਾਂ ਤੋਂ ਕੋਰੋਨਾ ਕਾਰਨ ਵਰਕਰਾਂ ਦੀਆਂ ਸਮੱਸਿਆਵਾਂ ਬਹੁਤ ਵੱਧ ਗਈਆਂ ਹਨ, ਜਿਨ੍ਹਾਂ ਨੂੰ ਤੁਰੰਤ ਹੱਲ ਕੀਤੇ ਜਾਣ ਦੀ ਲੋੜ ਹੈ। ਕਾਮਰੇਡ ਰਾਜ ਸਿੰਘ ਤੋਂ ਇਲਾਵਾ ਹੋਰ ਆਗੂਆਂ ਨੇ ਵੀ ਲਿਖਤੀ ਰੂਪ ਵਿੱਚ ਮੰਗ ਕੀਤੀ ਕਿ ਕੋਰੋਨਾ ਸਮੇਂ ਵਿੱਚ ਮਜ਼ਦੂਰਾਂ ਦੀਆਂ ਕਾਪੀਆਂ ਨਵੇਂ ਸਿਰੇ ਨਹੀਂ ਬਣਾਈਆਂ ਗਈਆਂ। ਇਸ ਲਈ ਕੋਰੋਨਾ ਕਾਲ ਦੇ ਦੋ ਸਾਲਾਂ ਨੂੰ ਗ੍ਰੇਸ ਪੀਰੀਅਡ ਦੇ ਕੇ ਕਾਪੀਆਂ ਰੀਨਿਊ ਕੀਤੀਆਂ ਜਾਣ। ਆਗੂਆਂ ਨੇ ਹੋਰ ਮੰਗਾਂ ਤੋਂ ਇਲਾਵਾ ਇਹ ਮੰਗ ਵੀ ਜ਼ੋਰ ਨਾਲ ਉਠਾਈ ਕਿ ਕਿਰਤ ਵਿਭਾਗ ਨੂੰ ਹਦਾਇਤ ਕੀਤੀ ਜਾਏ ਕਿ ਉਹ ਯੂਨੀਅਨ ਨਾਲ ਉੱਚ ਪੱਧਰੀ ਮੀਟਿੰਗ ਕਰੇ ਤਾਂ ਜੋ ਉਸਾਰੀ ਮਿਸਤਰੀ ਮਜ਼ਦੂਰਾਂ ਦੇ ਲਟਕਦੇ ਮਸਲੇ ਤੁਰੰਤ ਹੱਲ ਹੋ ਜਾਣ। ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਾਮਰੇਡ ਰਾਜ ਸਿੰਘ ਤੇ ਹੋਰ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੇ ਮਸਲਿਆਂ ਪ੍ਰਤੀ ਪੂਰੀ ਸੰਜੀਦਗੀ ਨਾਲ ਪਹਿਰਾ ਦੇਣਗੇ ਅਤੇ ਕਿਸੇ ਵੀ ਮਜ਼ਦੂਰ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।