ਅੰਤਰਰਾਸ਼ਟਰੀ ਯਾਤਰੀਆਂ ਲਈ ਭਾਰਤ ਸਰਕਾਰ ਨੇ ਜਾਰੀ ਕੀਤੀ ਕੋਰੋਨਾ ਐਡਵਾਈਜ਼ਰੀ
ਮਲੋਟ (ਪੰਜਾਬ): ਅੰਤਰਰਾਸ਼ਟਰੀ ਯਾਤਰੀਆਂ ਲਈ ਕੋਰੋਨਾ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਮੁਤਾਬਿਕ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਪਹਿਲਾਂ ਹਵਾਈ ਅੱਡੇ ‘ਤੇ ਥਰਮਲ ਸਕੈਨਿੰਗ, ਰੈਂਡਮ ਟੈਸਟਿੰਗ ਵਿੱਚੋਂ ਲੰਘਣਾ ਪਵੇਗਾ। ਇਸ ਤੋਂ ਬਾਅਦ ਜੇਕਰ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ, ਤਾਂ ਇਸ ਨੂੰ ਆਈਸੋਲੇਟ ਕਰਨਾ ਹੋਵੇਗਾ। ਭਾਰਤ ਸਰਕਾਰ ਨੇ ਇਹ ਕਦਮ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਚੁੱਕਿਆ ਹੈ। ਹਵਾਈ ਅੱਡੇ ‘ਤੇ ਉਨ੍ਹਾਂ ਸ਼ੱਕੀ ਯਾਤਰੀਆਂ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ, ਜਿਨ੍ਹਾਂ ‘ਚ ਕੋਈ ਲੱਛਣ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਕੁੱਲ ਮੁਸਾਫਿਰਾਂ ਦੇ ਲਗਭਗ 2 ਫੀਸਦੀ ਦਾ ਰੈਂਡਮ ਟੈਸਟ ਵੀ ਕੀਤਾ ਜਾਵੇਗਾ। ਕੇਂਦਰੀ ਸਿਹਤ ਮੰਤਰਾਲੇ ਨੇ ਇਸ ਸੰਬੰਧੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਲਿਖਿਆ ਹੈ।

ਇੱਕ ਅਧਿਕਾਰਿਤ ਪੱਤਰ ਵਿੱਚ ਕਿਹਾ ਗਿਆ ਹੈ, ‘ਹਰੇਕ ਉਡਾਣ ਵਿੱਚ ਕੁੱਲ ਯਾਤਰੀਆਂ ਵਿੱਚੋਂ ਦੋ ਪ੍ਰਤੀਸ਼ਤ ਤੱਕ ਦੇ ਪਹੁੰਚਣ ਤੋਂ ਬਾਅਦ ਹਵਾਈ ਅੱਡੇ ‘ਤੇ ਰੈਂਡਮ ਟੈਸਟਿੰਗ ਤੋਂ ਗੁਜ਼ਰਨਾ ਹੋਵੇਗਾ। ਹਰੇਕ ਫਲਾਈਟ ਵਿੱਚ ਅਜਿਹੇ ਯਾਤਰੀਆਂ ਦੀ ਚੋਣ ਸੰਬੰਧਿਤ ਏਅਰਲਾਈਨਾਂ ਦੁਆਰਾ ਕੀਤੀ ਜਾਵੇਗੀ। ਐਡਵਾਈਜ਼ਰੀ ਮੁਤਾਬਿਕ ਅੰਤਰਰਾਸ਼ਟਰੀ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਪਵੇਗੀ। ਜਦੋਂ ਉਹ ਹਵਾਈ ਅੱਡੇ ਦੇ ਅੰਦਰ ਦਾਖਿਲ ਹੁੰਦੇ ਹਨ, ਤਾਂ ਉਨ੍ਹਾਂ ਦਾ ਸਿਹਤ ਅਧਿਕਾਰੀ ਥਰਮਲ ਸਕ੍ਰੀਨਿੰਗ ਕਰੇਗਾ। ਇਸ ਦੌਰਾਨ ਜੇਕਰ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਦਾ ਟੈਸਟ ਅਤੇ ਇਲਾਜ ਕੀਤਾ ਜਾਵੇਗਾ। ਅਜਿਹੇ ਯਾਤਰੀਆਂ ਨੂੰ ਅਲੱਗ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਕਰਨਾ ਹੋਵੇਗਾ।
Author: Malout Live